ਗੁਹਾਟੀ, 10 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਉਮੀਦ ਜ਼ਾਹਿਰ ਕੀਤੀ ਹੈ ਕਿ ਜਲਦੀ ਹੀ ਪੂਰੇ ਅਸਾਮ ‘ਚੋਂ ਹਥਿਆਰਬੰਦ ਦਸਤਿਆਂ ਨੂੰ ਵਿਸ਼ੇਸ਼ ਤਾਕਤਾਂ ਦੇਣ ਵਾਲਾ ਕਾਨੂੰਨ (ਅਫਸਪਾ) ਹਟਾ ਲਿਆ ਜਾਵੇਗਾ ਕਿਉਂਕਿ ਬਿਹਤਰ ਕਾਨੂੰਨ ਪ੍ਰਬੰਧ ਤੇ ਦਹਿਸ਼ਤੀ ਜਥੇਬੰਦੀਆਂ ਨਾਲ ਸ਼ਾਂਤੀ ਸਮਝੌਤਿਆਂ ਕਾਰਨ ਪਹਿਲਾਂ ਹੀ ਰਾਜ ‘ਚੋਂ ਇਸ ਨੂੰ ਅੰਸ਼ਿਕ ਤੌਰ ‘ਤੇ ਹਟਾ ਦਿੱਤਾ ਗਿਆ ਹੈ। ਸੁਰੱਖਿਆ ਹਾਲਾਤ ‘ਚ ਸੁਧਾਰ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਪੂਰਬ-ਉਤਰੀ ਰਾਜਾਂ ‘ਚ ਅਫਸਪਾ ਅਧੀਨ ਆਉਣ ਵਾਲੇ ਗੜਬੜੀ ਵਾਲੇ ਇਲਾਕਿਆਂ ‘ਚੋਂ ਹੌਲੀ-ਹੌਲੀ ਹਟਾਉਣਾ ਸ਼ੁਰੂ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਅਸਾਮ ਪੁਲੀਸ ਨੂੰ ‘ਪ੍ਰੈਜ਼ੀਡੈਂਟ ਕਲਰ’ ਨਾਲ ਸਨਮਾਨਿਤ ਕਰਨ ਮਗਰੋਂ ਕਿਹਾ ਕਿ ਕੇਂਦਰ ਸਰਕਾਰ ਤੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀਆਂ ਕੋਸ਼ਿਸ਼ਾਂ ਕਾਰਨ ਜ਼ਿਆਦਾਤਰ ਦਹਿਸ਼ਤੀ ਜਥੇਬੰਦੀਆਂ ਨੇ ਸ਼ਾਂਤੀ ਸਮਝੌਤਾ ਕੀਤਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੂਰਾ ਰਾਜ ਦਹਿਸ਼ਤਗਰਦੀ ਤੇ ਹਿੰਸਾ ਤੋਂ ਮੁਕਤ ਹੋ ਜਾਵੇਗਾ।