ਗੁਹਾਟੀ: ਟੀਐਮਸੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਅੱਜ ਕਿਹਾ ਕਿ ਉਹ ‘ਭ੍ਰਿਸ਼ਟ’ ਭਾਜਪਾ ਨੂੰ ਅਸਾਮ ਦੀ ਸੱਤਾ ਤੋਂ ਬਾਹਰ ਕਰਨ ਲਈ ‘ਹਰ ਸੰਭਵ’ ਯਤਨ ਕਰਨਗੇ। ਤ੍ਰਿਣਮੂਲ ਕਾਂਗਰਸ ਵਰਕਰਾਂ ਨੂੰ ਅਸਾਮ ਵਿਚ ਪਹਿਲੀ ਵਾਰ ਸੰਬੋਧਨ ਕਰਦਿਆਂ ਸੰਸਦ ਮੈਂਬਰ ਬੈਨਰਜੀ ਨੇ ਕਿਹਾ ਕਿ ਉਨ੍ਹਾਂ 2024 ਦੀਆਂ ਲੋਕ ਸਭਾ ਚੋਣਾਂ ਵਿਚ ਸੂਬੇ ‘ਚ 14 ਵਿਚੋਂ 10 ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ। ਅਭਿਸ਼ੇਕ ਨੇ ਕਿਹਾ ਕਿ ਟੀਐਮਸੀ ਜਿੱਥੇ ਵੀ ਗਈ ਹੈ, ਆਖ਼ਰੀ ਦਮ ਤੱਕ ਲੜੀ ਹੈ। ਪਾਰਟੀ ਅਸਾਮ ਵਿਚੋਂ ਭਾਜਪਾ ਨੂੰ ਬਾਹਰ ਕਰਨ ਲਈ ਵੀ ਦੋ ਸਾਲ ਡਟ ਕੇ ਸੰਘਰਸ਼ ਕਰੇਗੀ ਤੇ ਜਦ ਤੱਕ ਸੂਬਾ ਜਿੱਤ ਨਹੀਂ ਲੈਂਦੀ, ਪਿੱਛੇ ਨਹੀਂ ਹਟੇਗੀ। ਟੀਐਮਸੀ ਆਗੂ ਨੇ ਭਰੋਸਾ ਜ਼ਾਹਿਰ ਕੀਤਾ ਕਿ ਪੱਛਮੀ ਬੰਗਾਲ ਦੀ ਸੱਤਾਧਾਰੀ ਧਿਰ ਤ੍ਰਿਪੁਰਾ ਤੇ ਮੇਘਾਲਿਆ ਵਿਚ ਵੀ ਸਰਕਾਰ ਬਣਾਏਗੀ। ਇਨ੍ਹਾਂ ਸੂਬਿਆਂ ਵਿਚ ਚੋਣਾਂ ਅਗਲੇ ਸਾਲ ਹੋਣਗੀਆਂ। -ਪੀਟੀਆਈ