ਸੰਯੁਕਤ ਰਾਸ਼ਟਰ, 19 ਮਈ
ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੂਸ ਤੇ ਯੂਕਰੇਨ ਦਰਮਿਆਨ ਜਾਰੀ ਸੰਘਰਸ਼ ਕਰਕੇ ਆਲਮੀ ਅਰਥਚਾਰਾ ਅਸਰਅੰਦਾਜ਼ ਹੋ ਰਿਹਾ ਹੈ ਅਤੇ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਵਾਧਾ ਵੀ ਪਿਛਲੇ ਸਾਲ ਦੇ 8.8 ਫੀਸਦ ਦੇ ਮੁਕਾਬਲੇ ਘੱਟ ਕੇ 2022 ਵਿੱਚ 6.4 ਫੀਸਦ ਰਹਿਣ ਦਾ ਅਨੁਮਾਨ ਹੈ। ਹਾਲਾਂਕਿ ਇਸ ਦੇ ਬਾਵਜੂਦ ਭਾਰਤ ਸਭ ਤੋਂ ਤੇਜ਼ੀ ਨਾਲ ਵਧਦਾ ਪ੍ਰਮੁੱਖ ਅਰਥਚਾਰਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਸਮਾਨੀ ਪੁੱਜੀ ਮਹਿੰਗਾਈ ਦੇ ਦਬਾਅ ਅਤੇ ਕਿਰਤ ਬਾਜ਼ਾਰ ਵਿੱਚ ਇਕਸਾਰ ਵਸੂਲੀ ਨਾ ਹੋਣ ਕਾਰਨ ਨਿੱਜੀ ਖਪਤ ਤੇ ਨਿਵੇਸ਼ ਪ੍ਰਭਾਵਿਤ ਹੋ ਰਹੇ ਹਨ।
ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਮਾਮਲੇ ਵਿਭਾਗ ਵੱਲੋਂ ‘ਆਲਮੀ ਆਰਥਿਕ ਹਾਲਾਤ ਅਤੇ ਸੰਭਾਵਨਾਵਾਂ (ਡਬਲਿਊਐੱਸਪੀ) ਸਿਰਲੇਖ ਵਾਲੀ ਰਿਪੋਰਟ ਵਿੱਚ ਕਿਹਾ ਗਿਆ ਕਿ ਆਲਮੀ ਅਰਥਚਾਰੇ ਦੇ 2022 ਵਿੱਚ 3.1 ਫੀਸਦ ਦੀ ਦਰ ਨਾਲ ਵਧਣ ਫੁਲਣ ਦਾ ਅਨੁਮਾਨ ਹੈ, ਜੋ ਜਨਵਰੀ 2022 ਵਿੱਚ ਜਾਰੀ 4 ਫੀਸਦ ਦੇ ਵਾਧਾ ਅਨੁਮਾਨ ਦੇ ਮੁਕਾਬਲੇ ਘੱਟ ਹੈ। 2022 ਵਿੱਚ ਆਲਮੀ ਮਹਿੰਗਾਈ ਦੇ 6.7 ਫੀਸਦ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ, ਜੋ 2010 ਤੋਂ 2020 ਦੀ ਔਸਤ 2.9 ਫੀਸਦ ਦੇ ਮੁਕਾਬਲੇ ਦੁੱਗਣੀ ਹੈ। ਖੁਰਾਕੀ ਵਸਤਾਂ ਤੇ ਊਰਜਾ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ, ”ਭਾਰਤੀ ਅਰਥਚਾਰੇ ਦੇ 2022 ਵਿੱਚ 6.4 ਫੀਸਦ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ, ਜੋ 2021 ਦੀ 8.8 ਫੀਸਦ ਦੀ ਵਾਧਾ ਦਰ ਦੇ ਮੁਕਾਬਲੇ ਘੱਟ ਹੈ।” -ਪੀਟੀਆਈ