ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 20 ਮਈ
ਆਸਟਰੇਲੀਆ ਵਿੱਚ ਭਲਕੇ ਮੁਲਕ ਦੀ 47ਵੀਂ ਸੰਸਦ ਲਈ ਵੋਟਾਂ ਪੈਣਗੀਆਂ। ਚੋਣਾਂ ਦੌਰਾਨ ਮੁੱਖ ਮੁਕਾਬਲਾ ਲੇਬਰ ਪਾਰਟੀ ਅਤੇ ਸੱਤਾਧਾਰੀ ਲਿਬਰਲ ਨੈਸ਼ਨਲ ਗੱਠਜੋੜ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪਰ ਕਈ ਸੀਟਾਂ ਤੋਂ ਖੜ੍ਹੇ ਆਜ਼ਾਦ ਉਮੀਦਵਾਰਾਂ ਨੇ ਫਿਲਹਾਲ ਸਥਿਤੀ ਅਸਪੱਸ਼ਟ ਕੀਤੀ ਹੋਈ ਹੈ। ਉੱਪਰਲੀ ਸੰਸਦ ਦੀਆਂ 151 ਸੀਟਾਂ ਵਿੱਚੋਂ ਬਹੁਮਤ ਲਈ 76 ਸੀਟਾਂ ‘ਤੇ ਜਿੱਤ ਜ਼ਰੂਰੀ ਹੈ। ਇਨ੍ਹਾਂ ਚੋਣਾਂ ਵਿੱਚ ਕਰੀਬ 1200 ਉਮੀਦਵਾਰ ਮੈਦਾਨ ਵਿੱਚ ਹਨ, ਜੋ ਪਾਰਟੀਆਂ ਦੀਆਂ ਜ਼ਿਆਦਾਤਰ ਪੱਕੀਆਂ ਸੀਟਾਂ ਤੋਂ ਉਮੀਦਵਾਰ ਐਲਾਨੇ ਗਏ ਹਨ, ਜਿੱਥੇ ਪਹਿਲਾਂ ਹੀ ਸਥਿਤੀ ਕਾਫ਼ੀ ਹੱਦ ਤੱਕ ਸਪੱਸ਼ਟ ਹੁੰਦੀ ਹੈ।
ਆਜ਼ਾਦ ਤੌਰ ‘ਤੇ ਖੜੀਆਂ 25 ਮਹਿਲਾਵਾਂ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਜੋ ਮੁਲਕ ਦੀਆਂ ਰਵਾਇਤੀ ਪਾਰਟੀਆਂ ਤੋਂ ਖਫ਼ਾ ਹਨ। ਸਿਆਸੀ ਗਲਿਆਰਿਆਂ ਨੂੰ ਚੁਣੌਤੀ ਦੇਣ ਲਈ ਇਨ੍ਹਾਂ ਬੀਬੀਆਂ ਨੂੰ ਕਈ ਇਲਾਕਿਆਂ ਵਿੱਚ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਲਟਕਵੀਂ ਸੰਸਦ ਹੋਣ ਦੀ ਸੂਰਤ ਵਿੱਚ ਸਰਕਾਰ ਬਣਾਉਣਾ, ਇਨ੍ਹਾਂ ਉਮੀਦਵਾਰਾਂ ਦੇ ਹੱਥ ਵੀ ਆ ਸਕਦਾ ਹੈ।
ਕਲਾਈਮੇਟ 200 ਨਾਂ ਦੀ ਜਥੇਬੰਦੀ ਇਨ੍ਹਾਂ ਆਜ਼ਾਦ ਬੀਬੀਆਂ ਸਮੇਤ ਉਨ੍ਹਾਂ ਸਾਰੇ ਉਮੀਦਵਾਰਾਂ ਦਾ ਸਹਿਯੋਗ ਕਰ ਰਹੀ ਹੈ, ਜੋ ਧਰਤੀ ਦੇ ਵਧ ਰਹੇ ਤਾਪਮਾਨ ਬਾਰੇ ਮੁੱਖ ਪਾਰਟੀਆਂ ਨੂੰ ਸਿੱਧਾ ਸਟੈਂਡ ਲੈਣ ਅਤੇ ਜਵਾਬਦੇਹ ਬਣਾ ਸਕਣ ਦੇ ਸਮਰੱਥ ਹੋਣ, ਜਿਸ ਤਹਿਤ ਲੋਕਾਂ ਨੇ ਹੁਣ ਤੱਕ ਇਸ ਸਮੂਹ ਨੂੰ 85 ਲੱਖ ਡਾਲਰ ਦੀ ਮਦਦ ਦਿੱਤੀ ਹੈ। ਉਂਝ ਮੁੱਖ ਪਾਰਟੀਆਂ ਨੇ ਵੀ ਪੂਰੀ ਤਾਕਤ ਲਗਾਈ ਹੋਈ ਹੈ। ਸਰਵੇਖਣ ਭਾਵੇਂ ਲੇਬਰ ਪਾਰਟੀ ਦੇ ਜਿੱਤਣ ਦੀ ਪੇਸ਼ੀਨਗੋਈ ਕਰ ਰਹੇ ਹਨ ਪਰ ਸੱਤਾਧਾਰੀਆਂ ਨੇ ਨਵੀਆਂ ਸਕੀਮਾਂ ਐਲਾਨ ਕੇ ਮੁਕਾਬਲੇ ਨੂੰ ਫਸਵਾਂ ਬਣਾ ਦਿੱਤਾ ਹੈ। ਅਗਲੀ ਸਰਕਾਰ ਬਾਰੇ ਫ਼ੈਸਲਾ ਭਲਕੇ ਸ਼ਾਮ ਤੱਕ ਸਪੱਸ਼ਟ ਹੋਣ ਦੀ ਉਮੀਦ ਹੈ।