ਨਵੀਂ ਦਿੱਲੀ, 15 ਜੂਨ
ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਪੁਲੀਸ ਦੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਕੀਤੀ ਗਈ ਕਾਰਵਾਈ ‘ਆਜ਼ਾਦੀ ਦੀ ਘੋਰ ਉਲੰਘਣਾ’ ਹੈ ਅਤੇ ਲੋਕਤੰਤਰ ਵਿੱਚ ਹਰੇਕ ਕਾਨੂੰਨੀ ਅਤੇ ਸਿਆਸੀ ਨਿਯਮਾਂ ਦੀ ‘ਉਲੰਘਣਾ’ ਕੀਤੀ ਗਈ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਦਿੱਲੀ ਪੁਲੀਸ ਦੇ ਕੁੱਝ ਮੁਲਾਜ਼ਮ ਅੱਜ ਜਬਰਦਸਤੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਪਾਰਟੀ ਕਾਰਕੁਨਾਂ ਅਤੇ ਆਗੂਆਂ ਦੀ ਕੁੱਟਮਾਰ ਕੀਤੀ ਹੈ। ਕਾਂਗਰਸ ਨੇ ‘ਅਪਰਾਧਕ ਉਲੰਘਣਾ’ ਸਬੰਧੀ ਕੇਸ ਦਰਜ ਕਰਨ, ਗ਼ਲਤੀ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਅਤੇ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਪੂਰੇ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਚਿਦੰਬਰਮ ਨੇ ਟਵੀਟ ਕੀਤਾ, ”ਪੁਲੀਸ ਨੇ ਅੱਜ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਜੋ ਕੀਤਾ, ਉਹ ਆਜ਼ਾਦੀ ਦੀ ਘੋਰ ਉਲੰਘਣਾ ਹੈ।” -ਪੀਟੀਆਈ