ਹਿਊਸਟਨ, 22 ਜੂਨ
ਅੱਠਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਅਮਰੀਕਾ ਦੇ ਟੈਕਸਸ ਅਤੇ ਹੋਰ ਸੂਬਿਆਂ ਵਿੱਚ ਵੱਡੀ ਗਿਣਤੀ ਲੋਕਾਂ ਨੇ ਯੋਗ ਆਸਨ ਕੀਤੇ। ਹਿਊਸਟਨ ਦੇ ਡਿਸਕਵਰੀ ਗ੍ਰੀਨ ਪਾਰਕ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਯੋਗ ਸੈਸ਼ਨ ਕਰਵਾਇਆ ਗਿਆ, ਜਿੱਥੇ ਗਰਮੀ ਦੇ ਮੌਸਮ ਵਿੱਚ ਵੀ ਵੱਡੀ ਗਿਣਤੀ ਲੋਕਾਂ ਨੇ ਯੋਗ ਅਭਿਆਸ ਕੀਤਾ। ਕਰੋਨਾ ਸਬੰਧੀ ਲੱਗੀਆਂ ਪਾਬੰਦੀਆਂ ਕਾਰਨ ਦੋ ਸਾਲਾਂ ਬਾਅਦ ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਇੱਥੇ ਯੋਗ ਦਿਵਸ ਮਨਾਇਆ ਗਿਆ। ਹਿਊਸਟਨ ਵਿੱਚ ਭਾਰਤ ਦੇ ਕੌਂਸਲ ਜਨਰਲ ਅਸੀਮ ਮਹਾਜਨ ਨੇ ਕਿਹਾ ਕਿ ਯੋਗ ਸਾਡੀਆਂ ਪ੍ਰਾਚੀਨ ਪਰੰਪਰਾਵਾਂ ਦਾ ਅਨਮੋਲ ਤੋਹਫਾ ਹੈ। ਦੌਰਾਨ ਦੁਨੀਆ ਭਰ ਦੇ ਲੋਕਾਂ ਨੇ ਸਿਹਤਮੰਦ ਰਹਿਣ ਲਈ ਯੋਗ ਅਪਣਾਇਆ। ਯੋਗ ਅਭਿਆਸ ਸਾਹ ਕਿਰਿਆ ਨੂੰ ਠੀਕ ਰੱਖਣ ਸਮੇਤ ਤਣਾਅ, ਚਿੰਤਾ ਅਤੇ ਬਿਮਾਰੀਆਂ ਨਾਲ ਮੁਕਾਬਲਾ ਕਰਨ ਵਿੱਚ ਮਦਦ ਕਰਦਾ ਹੈ। -ਪੀਟੀਆਈ
ਯੋਗ ਸਹੀ ਮਾਇਨਿਆਂ ‘ਚ ਸਰਬਵਿਆਪੀ: ਗੁਟੇਰੇਜ਼
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਜ਼ ਨੇ ਯੋਗ ਨੂੰ ਸਰਬਵਿਆਪੀ ਦੱਸਦਿਆਂ ਕਿਹਾ ਕਿ ਆਫ਼ਤਾਂ ਤੇ ਮਤਭੇਦਾਂ ਨਾਲ ਘਿਰੀ ਦੁਨੀਆ ‘ਚ ਧਿਆਨ ਲਗਾਉਣ, ਤਾਲਮੇਲ ਕਾਇਮ ਕਰਨ, ਸੰਜਮ ਰੱਖਣ ਤੇ ਅਨੁਸ਼ਾਸਨ ‘ਚ ਰਹਿਣ ਵਿੱਚ ਮਦਦ ਕਰਨ ਦੀ ਵਜ੍ਹਾ ਕਾਰਨ ਯੋਗ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਲੋਕ ਇੱਕ ਦੂਜੇ ਨਾਲ ਨਵੇਂ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਗੁਟੇਰੇਜ਼ ਨੇ ਕੌਮਾਂਤਰੀ ਯੋਗ ਦਿਵਸ ਮੌਕੇ ਆਪਣੇ ਸੁਨੇਹੇ ‘ਚ ਕਿਹਾ, ‘ਇਸ ਸਾਲ ਯੋਗ ਦਿਵਸ ਦਾ ਵਿਸ਼ਾ ‘ਯੋਗ ਮਨੁੱਖਤਾ ਲਈ’ ਹੈ ਜੋ ਯਾਦ ਦਿਵਾਉਂਦਾ ਹੈ ਕਿ ਯੋਗ ਸਹੀ ਮਾਇਨਿਆਂ ‘ਚ ਸਰਬ ਵਿਆਪੀ ਹੈ। ਇਸੇ ਦੌਰਾਨ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਨੁਮਾਇੰਦੇ ਟੀਐੱਸ ਤਿਰੂਮੂਰਤੀ ਨੇ ਕਿਹਾ ਕਿ ਆਲਮੀ ਮਹਾਮਾਰੀ ਦੇ ਔਖੇ ਸਮੇਂ ‘ਚ ਲੱਖਾਂ ਲੋਕਾਂ ਨੇ ਸਿਹਤਮੰਦ ਰਹਿਣ, ਨਿਰਾਸ਼ਾ ‘ਚੋਂ ਉਭਰਨ ਅਤੇ ਮਾਨਸਿਕ ਤਣਾਅ ਤੋਂ ਦੂਰ ਰਹਿਣ ਲਈ ਯੋਗ ਦਾ ਸਹਾਰਾ ਲਿਆ। -ਪੀਟੀਆਈ