ਨਿਊਯਾਰਕ: ਨਿਊਯਾਰਕ ਦੇ ਕੁਈਨਜ਼ ਵਿੱਚ ਭਾਰਤੀ ਮੂਲ ਸਿੱਖ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੀੜਤ ਦੀ ਪਛਾਣ ਸਤਨਾਮ ਸਿੰਘ (31) ਵਜੋਂ ਦੱਸੀ ਗਈ ਹੈ। ਨਿਊਯਾਰਕ ਦੇ ਪੁਲੀਸ ਵਿਭਾਗ ਦੇ ਹਵਾਲੇ ਨਾਲ ਪ੍ਰਕਾਸ਼ਿਤ ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ। ‘ਦਿ ਨਿਊਯਾਰਕ ਡੇਲੀ ਨਿਊਜ਼’ ਦੀ ਰਿਪੋਰਟ ਮੁਤਾਬਕ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 3.45 ਵਜੇ ਸਤਨਾਮ ਕੁਈਨਜ਼ ਦੇ ਸਾਊਥ ਓਜ਼ੋਨ ਪਾਰਕ ਕੋਲ ਜੀਪ ਵਿੱਚ ਬੈਠਾ ਹੋਇਆ ਸੀ। ਇਸੇ ਦੌਰਾਨ ਆਏ ਹਮਲਾਵਰ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਨੇ ਦੱਸਿਆ ਕਿ ਗੋਲੀਆਂ ਸਤਨਾਮ ਸਿੰਘ ਦੀ ਛਾਤੀ ਅਤੇ ਗਰਦਨ ਵਿੱਚ ਲੱਗੀਆਂ। ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀਆਂ ਮੁਤਾਬਕ ਸਤਨਾਮ ਨੇ ਕਿਸੇ ਨੂੰ ਲਿਜਾਣ ਲਈ ਕੁਝ ਸਮਾਂ ਪਹਿਲਾਂ ਹੀ ਆਪਣੇ ਇੱਕ ਦੋਸਤ ਤੋਂ ਜੀਪ ਉਧਾਰੀ ਲਈ ਸੀ। ਪੁਲੀਸ ਮੁਤਾਬਕ ਹਮਲਾਵਰ ਪੈਦਲ ਹੀ ਆਇਆ ਸੀ ਜਦੋਂਕਿ ਗੁਆਂਢੀਆਂ ਦਾ ਕਹਿਣਾ ਹੈ ਕਿ ਹਮਲਾਵਰ ਕਾਰ ਵਿੱਚ ਆਇਆ ਅਤੇ ਉਸ ਨੇ ਜੀਪ ਦੇ ਕੋਲੋਂ ਲੰਘਦੇ ਸਮੇਂ ਗੋਲੀਆਂ ਚਲਾਈਆਂ। ਪੁਲੀਸ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਘੋਖ ਕੀਤੀ ਜਾ ਰਹੀ ਹੈ। -ਪੀਟੀਆਈ