ਸਿਡਨੀ, 6 ਜੁਲਾਈ
ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਦੇ ਉੱਤਰੀ ਹਿੱਸੇ ਵਿੱਚ ਭਾਰੀ ਮੀਂਹ ਕਾਰਨ 85,000 ਲੋਕਾਂ ਦੇ ਘਰਾਂ ਵਿੱਚ ਪਾਣੀ ਭਰਨ ਦਾ ਖ਼ਤਰਾ ਪੈਦਾ ਹੋ ਗਿਆ ਹੈ। ਉਂਜ ਦਰਿਆਵਾਂ ‘ਚੋਂ ਪਾਣੀ ਹੁਣ ਘਟਣ ਲੱਗਿਆ ਹੈ।
ਐਮਰਜੈਂਸੀ ਸੇਵਾਵਾਂ ਦੇ ਮੰਤਰੀ ਸਟੀਫ ਕੁੱਕ ਨੇ ਕਿਹਾ ਕਿ ਸਿਡਨੀ ਵਿੱਚ ਭਾਵੇਂ ਮੀਂਹ ਘਟ ਗਿਆ ਹੈ ਪਰ ਇਸ ਦੇ ਉੱਤਰੀ ਅਤੇ ਪੱਛਮੀ ਕਿਨਾਰਿਆਂ ‘ਤੇ ਹਾਕਸਬਰੀ-ਨੇਪੀਅਨ ਨਦੀ ਸਮੇਤ ਕਈ ਥਾਵਾਂ ‘ਤੇ ਪਾਣੀ ਦਾ ਪੱਧਰ ਕਾਫੀ ਵੱਧ ਹੈ। ਉਨ੍ਹਾਂ ਦੱਸਿਆ ਕਿ ਸਿਡਨੀ ਦੇ ਉੱਤਰ ਵਿੱਚ ਹੰਟਰ ਵੈਲੀ ‘ਚ ਸਿੰਗਲਟਨ ਅਤੇ ਮੁਸਵੈੱਲਬਰੁੱਕ ਦੇ ਕਸਬਿਆਂ ਵਿੱਚ ਰਾਹਤ ਕਰਮੀਆਂ ਨੇ ਰਾਤ ਭਰ ਲੋਕਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਇੱਥੋਂ ਨਿਕਲਣ ਲਈ ਕਿਹਾ। ਕਈ ਲੋਕਾਂ ਨੇ ਬੀਤੀ ਰਾਤ ਜਾਗਦਿਆਂ ਲੰਘਾਈ ਹੈ। ਨਿਊ ਸਾਊਥ ਵੇਲਜ਼ ਸੂਬੇ ਦੇ ਪ੍ਰੀਮੀਅਰ ਡੋਮਨਿਕ ਪੇਰੋਟੈਟ ਨੇ ਕਿਹਾ ਕਿ ਬੁੱਧਵਾਰ ਤੱਕ 85,000 ਲੋਕਾਂ ਨੂੰ ਆਪਣੇ ਘਰ ਛੱਡਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਹੜ੍ਹ ਐਮਰਜੈਂਸੀ ਦੇ ਪੰਜਵੇ ਦਿਨ ਪੇਰੋਟੈਟ ਨੇ ਕਿਹਾ ਕਿ ਪਿਛਲੇ ਹੜ੍ਹਾਂ ਦੌਰਾਨ ਜੋ ਹਿੱਸੇ ਪ੍ਰਭਾਵਿਤ ਨਹੀਂ ਹੋਏ ਸਨ, ਇਸ ਹਫ਼ਤੇ ਉੱਥੇ ਵੀ ਹੜ੍ਹ ਆ ਸਕਦੇ ਹਨ।
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ 23 ਸਥਾਨਕ ਸਰਕਾਰੀ ਖੇਤਰਾਂ ਵਿੱਚ ਆਫਤ ਐਲਾਨੇ ਜਾਣ ਦੇ ਦੋ ਦਿਨ ਤੋਂ ਵੀ ਘੱਟ ਸਮੇਂ ਮਗਰੋਂ ਵੀਰਵਾਰ ਤੋਂ ਪੀੜਤਾਂ ਲਈ ਫੈਡਰਲ ਫੰਡਿੰਗ ਉਪਲੱਬਧ ਹੋਵੇਗੀ। ਮੌਸਮ ਵਿਗਿਆਨ ਬਿਊਰੋ ਦੇ ਮੈਨੇਜਰ ਜੇਨ ਗੋਲਡਿੰਗ ਨੇ ਕਿਹਾ ਕਿ ਸਿਡਨੀ ਤੋਂ 450 ਕਿਲੋਮੀਟਰ ਦੂਰ ਕੋਫਸ ਹਾਰਬਰ ਦੇ ਉੱਤਰ ‘ਚ ਪਿਛਲੇ 24 ਘੰਟਿਆਂ ਵਿੱਚ ਭਾਰੀ ਮੀਂਹ ਪਿਆ ਹੈ। -ਏਪੀ
ਮੌਸਮ ਦੀ ਖ਼ਰਾਬੀ ਕਾਰਨ ਹਵਾਈ ਉਡਾਣਾਂ ਪ੍ਰਭਾਵਿਤ
ਸਿਡਨੀ (ਗੁਰਚਰਨ ਸਿੰਘ ਕਾਹਲੋਂ): ਇੱਥੇ ਮੌਸਮ ਦੀ ਖ਼ਰਾਬੀ ਕਾਰਨ ਹਵਾਈ ਉਡਾਣਾਂ, ਰੇਲ ਸੇਵਾ ਤੇ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਕਈ ਉਡਾਣਾਂ ਰੱਦ ਹੋ ਗਈਆਂ ਹਨ ਤੇ ਵਧੇਰੇ ਮਿੱਥੇ ਸਮੇਂ ਨਾਲੋਂ ਦੇਰੀ ਨਾਲ ਚੱਲ ਰਹੀਆਂ ਹਨ। ਹੜ੍ਹ ਪੀੜਤਾਂ ਦੀ ਮਦਦ ਲਈ ਗੁਰਦੁਆਰਿਆਂ ਵੱਲੋਂ ਲੰਗਰ ਤੇ ਹੋਰ ਸੇਵਾ ਕੀਤੀ ਜਾ ਰਹੀ ਹੈ। ਮੀਂਹ ਨਾਲ ਚੱਲੇ ਤੂਫਾਨ ਨੇ ਸਥਿਤੀ ਹੋਰ ਗੰਭੀਰ ਬਣਾ ਦਿੱਤੀ ਹੈ। ਸੜਕਾਂ ਦੇ ਆਸੇ-ਪਾਸੇ ਦਰੱਖਤ ਡਿੱਗਣ ਕਾਰਨ ਕਈ ਥਾਈਂ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਸੂਬੇ ਦੇ ਡੈਮ ਅਤੇ ਨਦੀਆਂ ਪਾਣੀ ਦੀ ਸਮਰੱਥਾ ਤੋਂ ਉੱਪਰ ਵਹਿਣ ਕਾਰਨ ਸਿਡਨੀ ਦੇ ਨੀਵੇਂ ਖੇਤਰਾਂ ‘ਚ ਪਾਣੀ ਭਰ ਗਿਆ ਹੈ। ਕੁੱਝ ਸਿੱਖ ਪਰਿਵਾਰਾਂ ਨੇ ਪ੍ਰਸ਼ਾਸਨ ਵੱਲੋਂ ਮਿਲੀ ਚਿਤਾਵਨੀ ਮਗਰੋਂ ਗੁਰਦੁਆਰਿਆਂ ਵਿੱਚ ਸ਼ਰਨ ਲਈ ਹੈ। ਵੱਖ-ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਕਮੇਟੀਆਂ ਵੱਲੋਂ ਹੜ੍ਹ ਪੀੜਤ ਲੋਕਾਂ ਨੂੰ ਪੀਣ ਵਾਲਾ ਪਾਣੀ ਅਤੇ ਹੋਰ ਜ਼ਰੂਰੀ ਵਸਤਾਂ ਭੇਜੀਆਂ ਜਾ ਰਹੀਆਂ ਹਨ।