ਲਾਹੌਰ, 13 ਜੁਲਾਈ
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਵਿਚ ਘਰੇਲੂ ਨੌਕਰ ਵਜੋਂ ਕੰਮ ਕਰਨ ਵਾਲੇ 10 ਸਾਲਾ ਲੜਕੇ ਨੂੰ ਉਸ ਦੇ ਮਾਲਕਾਂ ਨੇ ਕਥਿਤ ਤੌਰ ‘ਤੇ ਫਰਿੱਜ ਵਿਚੋਂ ਫਲ ਖਾਣ ਕਾਰਨ ਤਸੀਹੇ ਦੇ ਕੇ ਮਾਰ ਦਿੱਤਾ। ਪੁਲੀਸ ਨੇ ਦੱਸਿਆ ਕਿ ਕਾਮਰਾਨ ਦਾ ਛੇ ਸਾਲਾ ਭਰਾ ਰਿਜ਼ਵਾਨ ਵੀ ਉਸੇ ਘਰ ਵਿੱਚ ਨੌਕਰ ਹੈ, ਜੋ ਕੁੱਟਮਾਰ ਕਾਰਨ ਤਰ੍ਹਾਂ ਜ਼ਖ਼ਮੀ ਹੋ ਗਿਆ। ਸਾਲ ਪਹਿਲਾਂ ਲਾਹੌਰ ਦੇ ਡਿਫੈਂਸ ਹਾਊਸਿੰਗ ਅਥਾਰਟੀ ਇਲਾਕੇ ‘ਚ ਰਹਿਣ ਵਾਲੇ ਨਸਰੁੱਲਾ ਨੇ ਦੋਵਾਂ ਭਰਾਵਾਂ ਨੂੰ ਘਰੇਲੂ ਨੌਕਰਾਂ ਵਜੋਂ ਰੱਖਿਆ ਸੀ। ਮੰਗਲਵਾਰ ਨੂੰ ਨਸਰੁੱਲਾ, ਉਸ ਦੀ ਪਤਨੀ, ਦੋ ਪੁੱਤਰਾਂ ਅਤੇ ਨੂੰਹ ਨੇ ਬਿਨਾਂ ਇਜਾਜ਼ਤ ਫਰਿੱਜ ‘ਚੋਂ ਫਲ ਕੱਢਣ ‘ਤੇ ਦੋਹਾਂ ਬੱਚਿਆਂ ਨੂੰ ਬੇਰਹਿਮੀ ਨਾਲ ਕੁੱਟਿਆ। ਉਨ੍ਹਾਂ ਨੇ ਬੱਚਿਆਂ ਨੂੰ ਜ਼ਖਮੀ ਕਰਨ ਲਈ ਚਾਕੂ ਦੀ ਵਰਤੋਂ ਵੀ ਕੀਤੀ। ਜਦੋਂ ਦੋਹਾਂ ਬੱਚਿਆਂ ਦੀ ਹਾਲਤ ਵਿਗੜਨ ਲੱਗੀ ਤਾਂ ਨਸਰੁੱਲਾ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਡਾਕਟਰਾਂ ਨੇ ਕਾਮਰਾਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਰਿਜ਼ਵਾਨ ਦੀ ਹਾਲਤ ਨਾਜ਼ੁਕ ਹੈ। ਪੁਲੀਸ ਨੇ ਨਸਰੁੱਲਾ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੋਵੇਂ ਬੱਚਿਆਂ ਨੂੰ ਮੁਲਜ਼ਮ ਛੋਟੀਆਂ-ਛੋਟੀਆਂ ਗੱਲਾਂ ਕਾਰਨ ਕੁੱਟਦੇ ਸਨ ਅਤੇ ਦੋਵਾਂ ਭਰਾਵਾਂ ਦੇ ਸਰੀਰ ‘ਤੇ ਦਰਜਨਾਂ ਜ਼ਖ਼ਮ ਹਨ।