ਧਨਬਾਦ, 13 ਜੁਲਾਈ
ਝਾਰਖੰਡ ਦੇ ਧਨਬਾਦ ਜ਼ਿਲ੍ਹੇ ਵਿੱਚ ਉਸਾਰੀ ਅਧੀਨ ਰੇਲਵੇ ਅੰਡਰਪਾਸ ਧੱਸਣ ਕਾਰਨ ਉਥੇ ਕੰਮ ਕਰ ਰਹੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਧਨਬਾਦ ਰੇਲਵੇ ਮੰਡਲ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਅਖਿਲੇਸ਼ ਪਾਂਡੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰੇਲਵੇ ਮੰਡਲ ਦੇ ਧਨਬਾਦ ਸਿੰਦਰੀ ਰੇਲਖੰਡ ‘ਤੇ ਸਥਿਤ ਪ੍ਰਧਾਨਖੰਤਾ ਰੇਲਵੇ ਸਟੇਸ਼ਨ ਨੇੜੇ ਛਤਾਕੁਲੀ ਪਿੰਡ ਦੇ ਅੰਡਰਪਾਸ ਦੀ ਉਸਾਰੀ ਚਲ ਰਹੀ ਸੀ। ਮੰਗਲਵਾਰ ਦੇਰ ਰਾਤ ਜਿਵੇਂ ਹੀ ਮਾਲਗੱਡੀ ਕੋਲੋਂ ਲੰਘੀ ਅੰਡਰ ਪਾਸ ਧੱਸ ਗਿਆ ਤੇ ਚਾਰ ਮਜ਼ਦੂਰ ਮਿੱਟੀ ਹੇਠਾਂ ਦੱਬ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਨਿਰੰਜਨ ਮਹਤੋ, ਪੱਪੂ ਕੁਮਾਰ ਮਹਤੋ, ਵਿਕਰਮ ਮਹਤੋ ਅਤੇ ਸੌਰਭ ਕੁਮਾਰ ਡਬਰ ਵਜੋਂ ਹੋਈ ਹੈ। ਘਟਨਾ ਦਾ ਪਤਾ ਚਲਦੇ ਹੀ ਨੇੜਲੇ ਪਿੰਡਾਂ ਦੇ ਲੋਕ ਤੁਰਤ ਮੌਕੇ ‘ਤੇ ਪੁੱਜੇ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਪਰ ਮਜ਼ਦੂਰਾਂ ਨੂੰ ਬਚਾਇਆ ਨਹੀਂ ਜਾ ਸਕਿਆ। ਰੇਲਵੇ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਨੇ ਵੀ ਘਟਨਾ ਸਥਾਨ ਦਾ ਜਾਇਜ਼ਾ ਲਿਆ। ਸਿੰਦਰੀ ਦੇ ਡੀਐਸਪੀ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਮਰਨ ਵਾਲੇ ਸਾਰੇ ਮਜ਼ਦੂਰ ਬਲੀਆਪੁਰ ਪੁਲੀਸ ਥਾਣੇ ਅਧੀਨ ਆਉਂਦੇ ਪਿੰਡ ਕੁਲਹੀ ਦੇ ਵਸਨੀਕ ਸਨ। ਇਸ ਘਟਨਾ ਤੋਂ ਭੜਕੇ ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਰੇਲਵੇ ਟਰੈਕ ‘ਤੇ ਜਾਮ ਲਾ ਦਿੱਤਾ ਜਿਸ ਕਾਰਨ ਕੁਝ ਸਮਾਂ ਰੇਲਵੇ ਆਵਾਜਾਈ ਪ੍ਰਭਾਵਿਤ ਰਹੀ। ਮੁਜ਼ਾਹਰਾਕਾਰੀ ਪੀੜਤ ਪਰਿਵਾਰਾਂ ਲਈ ਰੇਲਵੇ ਵਿੱਚ ਨੌਕਰੀ ਅਤੇ 20 ਲੱਖ ਰੁਪਏ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਰੇਲਵੇ ਅਧਿਕਾਰੀ ਅਖਿਲੇਸ਼ ਪਾਂਡੇ ਨੇ ਪੀੜਤ ਪਰਿਵਾਰਾਂ ਨੂੰ ਕਿਰਤ ਕਾਨੂੰਨਾਂ ਅਨੁਸਾਰ ਮੁਆਵਜ਼ਾ ਦਿੱਤੇ ਜਾਣ ਦਾ ਭਰੋਸਾ ਦਿੱਤਾ। -ਏਜੰਸੀ