ਵਾਰਾਣਸੀ (ਯੂਪੀ), 19 ਜੁਲਾਈ
ਇੱਥੋਂ ਦੀ ਜ਼ਿਲ੍ਹਾ ਅਦਾਲਤ ਵਿੱਚ ਗਿਆਨਵਾਪੀ ਮਸਜਿਦ-ਸ਼ਿੰਗਾਰ ਗੌਰੀ ਮੰਦਿਰ ਮਾਮਲੇ ਵਿੱਚ ਅੱਜ ਸੁਣਵਾਈ ਹੋਈ। ਅਦਾਲਤ ਵਿੱਚ ਅੱਜ ਹਿੰਦੂ ਧਿਰ ਨੇ ਆਪਣੀ ਦਲੀਲ ਦਿੱਤੀ। ਪਟੀਸ਼ਨਰ ਰਾਖੀ ਸਿੰਘ ਵੱਲੋਂ ਪੇਸ਼ ਵਕੀਲ ਮਾਨ ਬਹਾਦੁਰ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਮੁਸਲਿਮ ਧਿਰ ਪੂਜਾ ਸਥਾਨਾਂ ਤੇ ਵਕਫ਼ ਐਕਟ ਸਬੰਧੀ ਅਦਾਲਤ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੀ ਸੁਣਵਾਈ ਵਿੱਚ ਉਨ੍ਹਾਂ ਦੀ ਦਲੀਲ ਪੂਰੀ ਹੋ ਜਾਵੇਗੀ, ਜਿਸ ਤੋਂ ਬਾਅਦ ਅੰਜੁਮਨ ਇੰਤਜ਼ਾਮੀਆ ਆਪਣੀਆਂ ਦਲੀਲਾਂ ਪੇਸ਼ ਕਰੇਗੀ।
ਹਿੰਦੂ ਧਿਰ ਦੀ ਰਾਖੀ ਸਿੰਘ ਦੇ ਵਕੀਲ ਸ਼ਿਵਮ ਗੌੜ ਨੇ ਆਪਣਾ ਪੱਖ ਰੱਖਦਿਆਂ ਸਪਸ਼ਟ ਕੀਤਾ ਕਿ ਸ਼ਿ੍ੰਗਾਰ ਗੌਰੀ ਮਾਮਲੇ ਵਿੱਚ ਕੋਈ ਐਕਟ ਲਾਗੂ ਨਹੀਂ ਹੁੰਦਾ ਕਿਉਂਕਿ 1993 ਤਕ ਸ਼ਿ੍ੰਗਾਰ ਗੌਰੀ ਦੀ ਪੂਜਾ ਹੁੰਦੀ ਰਹੀ ਹੈ। ਸਾਲ 1993 ਵਿੱਚ ਸਰਕਾਰ ਨੇ ਅਚਾਨਕ ਬੈਰੀਕੇਡਿੰਗ ਕਰਕੇ ਨਿਯਮਿਤ ਦਰਸ਼ਨ ਅਤੇ ਪੂਜਾ ‘ਤੇ ਪਾਬੰਦੀ ਲਗਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕਾਸ਼ੀ ਵਿਸ਼ਵਨਾਥ ਐਕਟ, ਪਲੇਸਿਜ ਆਫ ਵਰਸ਼ਿਪ ਐਕਟ ਅਤੇ ਵਕਫ਼ ਐਕਟ ਜਾਂ ਹੋਰ ਕਿਸੇ ਐਕਟ ਦੀ ਤਜਵੀਜ਼ ਮਾਂ ਸ਼੍ਰਿੰਗਾਰ ਗੌਰੀ ਮਾਮਲੇ ਵਿੱਚ ਲਾਗੂ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਸਾਡਾ ਗਿਆਨਵਾਪੀ ਦੀ ਕਿਸੇ ਜ਼ਮੀਨ ‘ਤੇ ਕੋਈ ਦਾਅਵਾ ਨਹੀਂ ਹੈ। ਸਾਡਾ ਦਾਅਵਾ ਸਿਰਫ਼ ਮਾਂ ਸ਼ਿ੍ੰਗਾਰ ਗੌਰੀ ਦੇ ਨਿਯਮਿਤ ਦਰਸ਼ਨ ਅਤੇ ਪੂਜਾ ਲਈ ਹੈ। ਉਨ੍ਹਾਂ ਕਿਹਾ ਕਿ ਹੁਣ ਜੋ ਨੁਕਤੇ ਰਹਿ ਗਏ ਹਨ ਉਨ੍ਹਾਂ ਨੂੰ ਉਹ ਅਗਲੀ ਸੁਣਵਾਈ ਵਿੱਚ ਪੂਰਾ ਕਰਨਗੇ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 21 ਜੁਲਾਈ ਤੈਅ ਕੀਤੀ ਹੈ। –ਏਜੰਸੀ