ਜੋਗਿੰਦਰ ਸਿੰਘ ਮਾਨ
ਮਾਨਸਾ, 26 ਜੁਲਾਈ
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿੱਚ ਫੜੇ ਮੁੱਖ ਸ਼ੂਟਰ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ ਕੁਲਦੀਪ ਅਤੇ ਦੀਪਕ ਟੀਨੂੰ ਨੂੰ ਅੱਜ ਸ਼ਾਮ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਦਾ 29 ਜੁਲਾਈ ਤੱਕ ਪੁਲੀਸ ਰਿਮਾਂਡ ਦਿੱਤਾ ਹੈ। ਇਨ੍ਹਾਂ ਤਿੰਨਾਂ ਨੂੰ ਦੇਰ ਸ਼ਾਮ ਗੋਬਿੰਦਵਾਲ ਸਾਹਿਬ ਦੀ ਜੇਲ੍ਹ ਵਿਚੋਂ ਲਿਆਂਦਾ ਗਿਆ ਹੈ ਅਤੇ ਸਿਵਲ ਹਸਪਤਾਲ ਮਾਨਸਾ ਵਿੱਚ ਮੈਡੀਕਲ ਕਰਾਉਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਸਾ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮਾਂ ਨੂੰ ਸਿੱਧੂ ਮੂਸੇਵਾਲਾ zwnj;ਦੇ ਕਤਲ ਦੇ ਤੁਰਤ ਬਾਅਦ ਮਾਨਸਾ ਜ਼ਿਲ੍ਹੇ ਦੇ ਪਿੰਡ ਖਾਰਾ ਬਰਨਾਲਾ ਨੇੜਿਉਂ ਇੱਕ ਆਲਟੋ ਕਾਰ ਖੋਹਣ ਦੇ ਮਾਮਲੇ ਵਿਚ ਜੇਲ੍ਹ ‘ਚੋਂ ਲਿਆਂਦਾ ਗਿਆ ਹੈ। ਇਹ ਕਾਰ ਜਗਤਾਰ ਸਿੰਘ ਨਾਂ ਦੇ ਵਿਅਕਤੀ ਕੋਲੋਂ ਖੋਹੀ ਗਈ ਸੀ, ਜੋ ਆਪਣੇ ਪਰਿਵਾਰ ਸਮੇਤ ਜਾ ਰਿਹਾ ਸੀ।