ਰਾਜਕੋਟ, 26 ਜੁਲਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਸਤੂਆਂ ਤੇ ਸੇਵਾਵਾਂ ਕਰ (ਜੀਐੱਸਟੀ) ਦਾ ਵਿਰੋਧ ਕਰਦਿਆਂ ਕਿਹਾ ਕਿ ਭਾਰਤ ਜਿਹੇ ਮੁਲਕ ਲਈ ਇਕਸਾਰ ਟੈਕਸ ਪ੍ਰਣਾਲੀ ਸਹੀ ਨਹੀਂ ਹੈ ਤੇ ਉਹ ਨਿੱਜੀ ਤੌਰ ‘ਤੇ ਇਸਦੇ ਪੱਖ ‘ਚ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੀਐੱਸਟੀ ਬਹੁਤ ਜ਼ਿਆਦਾ ਜਟਿਲ ਹੈ।
ਇੱਥੇ ਕਾਰੋਬਾਰੀਆਂ ਤੇ ਸਨਅਤਕਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕੇਜਰੀਵਾਲ ਨੇ ਪੰਜ ਵਾਅਦੇ ਕੀਤੇ, ਜਿਨ੍ਹਾਂ ‘ਚ ਡਰ ਦਾ ਮਾਹੌਲ ਖਤਮ ਕਰਨਾ ਤੇ ਜੀਐੱਸਟੀ ਪ੍ਰਣਾਲੀ ਨੂੰ ਸੂਬਾ ਪੱਧਰ ‘ਤੇ ਆਸਾਨ ਕਰਨਾ ਸ਼ਾਮਲ ਹਨ। ਉਨ੍ਹਾਂ ਗੁਜਰਾਤ ਵਿੱਚ ‘ਆਪ’ ਦੇ ਸੱਤਾ ‘ਚ ਆਉਣ ‘ਤੇ ਕਾਰੋਬਾਰੀਆਂ ਨੂੰ ਸਨਮਾਨ ਦੇਣ ਤੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਛੇ ਮਹੀਨਿਆਂ ਵਿੱਚ ਸਾਰੇ ਬਕਾਇਆ ਵੈਟ ਤੇ ਜੀਐੱਸਟੀ ਰਿਫੰਡ ਦੇ ਕੇਸਾਂ ਦਾ ਨਿਪਟਾਰਾ ਕਰਨ ਦਾ ਵਾਅਦਾ ਵੀ ਕੀਤਾ। ‘ਆਪ’ ਵੱਲੋਂ ਕਰਵਾਈ ਇਸ ਮੀਟਿੰਗ ਵਿੱਚ ਲਘੂ, ਛੋਟੀਆਂ ਤੇ ਦਰਮਿਆਨੇ ਉੱਦਮਾਂ ਤੋਂ ਕਾਰੋਬਾਰੀਆਂ ਨੇ ਹਿੱਸਾ ਲਿਆ ਤੇ ਜੀਐੱਸਟੀ ਨਾਲ ਸਬੰਧਤ ਵੱਖ-ਵੱਖ ਮੁੱਦੇ ਚੁੱਕੇ। ਉਨ੍ਹਾਂ ਭਾਵਨਗਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਿਮਾਰ ਪਏ ਲੋਕਾਂ ਦਾ ਹਾਲ ਚਾਲ ਪੁੱਛਿਆ। -ਪੀਟੀਆਈ
ਗੁਜਰਾਤ ਚੋਣਾਂ: ਕੇਜਰੀਵਾਲ ਨੇ ਸੋਮਨਾਥ ਮੰਦਰ ‘ਚ ਮੱਥਾ ਟੇਕਿਆ
ਵੇਰਾਵਲ (ਗੁਜਰਾਤ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਵਿੱਚ ਵੇਰਾਵਲ ਕਸਬੇ ਨੇੜੇ ਸਥਿਤ ਪ੍ਰਸਿੱਧ ਸੋਮਨਾਥ ਮੰਦਰ ‘ਚ ਮੱਥਾ ਟੇਕਿਆ। ਮੰਦਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ‘ਆਪ’ ਕਨਵੀਨਰ ਨੇ ਕਿਹਾ ਕਿ ਉਨ੍ਹਾਂ ਮੁਲਕ ਦੀ ਤਰੱਕੀ ਤੇ ਲੋਕਾਂ ਦੇ ਭਲੇ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਸੂਬੇ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈ 21 ਜਣਿਆਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਕੇਜਰੀਵਾਲ ਨੇ ਕਿਹਾ,’ਮੈਂ ਗੁਜਰਾਤ ਦੀ ਤਰੱਕੀ, ਮੁਲਕ ਦੀ ਉੱਨਤੀ, ਸ਼ਾਂਤੀ ਤੇ ਲੋਕਾਂ ਦੇ ਭਲੇ ਲਈ ਪ੍ਰਾਰਥਨਾ ਕੀਤੀ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਮਿਲੇ ਤੇ ਹਸਪਤਾਲਾਂ ‘ਚ ਦਾਖ਼ਲ ਲੋਕ ਵੀ ਜਲਦ ਤੰਦਰੁਸਤ ਹੋਣ।’ ਇਸ ਮਗਰੋਂ ਉਹ ਕਾਰੋਬਾਰੀਆਂ ਨਾਲ ਮੀਟਿੰਗ ਕਰਨ ਲਈ ਰਾਜਕੋਟ ਵੱਲ ਰਵਾਨਾ ਹੋ ਗਏ। ਇੱਥੋਂ ਉਹ ਭਾਵਨਗਰ ‘ਚ ਸਥਿਤ ਇੱਕ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ ਕੁਝ ਲੋਕ ਜ਼ੇਰੇ ਇਲਾਜ ਹਨ। -ਪੀਟੀਆਈ
‘ਆਪ’ ਨੇ ਦਿੱਲੀ ਦੀ ਐਕਸਾਈਜ਼ ਨੀਤੀ ਦੀ ਸ਼ਲਾਘਾ ਕੀਤੀ
ਨਵੀਂ ਦਿੱਲੀ: ‘ਆਪ’ ਨੇ ਦੋਸ਼ ਲਾਇਆ ਕਿ ਭਾਜਪਾ ਦਿੱਲੀ ਸਰਕਾਰ ਦੀ ਐਕਸਾਈਜ਼ ਨੀਤੀ ਦੇ ਖ਼ਿਲਾਫ਼ ਹੈ ਕਿਉਂਕਿ ਇਹ ਕੌਮੀ ਰਾਜਧਾਨੀ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ ਚਲਾ ਕੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ। ਉਨ੍ਹਾਂ ਗੁਜਰਾਤ ‘ਚ ਵਾਪਰੀ ਜ਼ਹਿਰੀਲੀ ਸ਼ਰਾਬ ਵਾਲੀ ਘਟਨਾ ‘ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਭਾਜਪਾ ਦਿੱਲੀ ਵਿੱਚ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਦੇ ਗੁਜਰਾਤ ਮਾਡਲ ਨੂੰ ਲਾਗੂ ਕਰਨਾ ਚਾਹੁੰਦੀ ਹੈ। ਪਾਰਟੀ ਨੇ ਇਸ ਘਟਨਾ ਦੇ ਸੰਦਰਭ ਵਿੱਚ ਮੁੱਖ ਮੰਤਰੀ ਭੁਪਿੰਦਰ ਪਟੇਲ ਦਾ ਅਸਤੀਫ਼ਾ ਵੀ ਮੰਗਿਆ। -ਪੀਟੀਆਈ