ਕੋਲਕਾਤਾ: ਪੱਛਮੀ ਬੰਗਾਲ ਸੀਆਈਡੀ ਨੇ ਦਾਅਵਾ ਕੀਤਾ ਹੈ ਕਿ ਹਾਵੜਾ ਜ਼ਿਲ੍ਹੇ ਦੇ ਪਾਂਚਾਲ ਵਿੱਚ ਝਾਰਖੰਡ ਨਾਲ ਸਬੰਧਤ ਤਿੰਨ ਵਿਧਾਇਕਾਂ ਤੋਂ ਬਰਾਮਦ ਨਗਦੀ ਉਨ੍ਹਾਂ ਨੂੰ ਕੋਲਕਾਤਾ ਵਿੱਚ ਸੌਂਪੀ ਗਈ ਸੀ। ਇਨ੍ਹਾਂ ਵਿਧਾਇਕਾਂ ਤੋਂ ਸ਼ਨਿਚਰਵਾਰ ਨੂੰ ਕਾਰ ਵਿੱਚ ਲੁਕੋ ਕੇ ਰੱਖੇ 48 ਲੱਖ ਰੁਪਏ ਬਰਾਮਦ ਹੋਏ ਸਨ। ਸੀਆਈਡੀ ਸੂਤਰਾਂ ਨੇ ਦੱਸਿਆ ਕਿ ਕੁਝ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਤਿੰਨੋਂ ਵਿਧਾਇਕ ਸ਼ਨਿਚਰਵਾਰ ਨੂੰ ਕੇਂਦਰੀ ਕੋਲਕਾਤਾ ਵਿੱਚ ਸੁੰਦਰ ਸਟਰੀਟ ‘ਤੇ ਇੱਕ ਹੋਟਲ ਵਿੱਚ ਰੁਕੇ ਸਨ।
ਸੱਤਾ ਤੋਂ ਬਾਹਰ ਬਿਨ ਪਾਣੀ ਮੱਛੀ ਵਾਂਗ ਤੜਫਦੀ ਹੈ ਭਾਜਪਾ: ਸੋਰੇਨ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਵੱਲੋਂ ਲੋਕਤੰਤਰੀ ਤਰੀਕੇ ਨਾਲ ਚੁਣੀਆਂ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜਦੋਂ ਸੱਤਾ ਤੋਂ ਬਾਹਰ ਹੁੰਦੀ ਹੈ ਤਾਂ ਉਹ ”ਬਿਨਾਂ ਪਾਣੀ ਤੋਂ ਮੱਛੀ ਵਾਂਗ ਤੜਫਦੀ” ਰਹਿੰਦੀ ਹੈ। ਉਨ੍ਹਾਂ ਇਹ ਟਿੱਪਣੀ ਸੂਬੇ ਦੇ ਤਿੰਨ ਕਾਂਗਰਸੀ ਵਿਧਾਇਕਾਂ ਇਰਫਾਨ ਅੰਸਾਰੀ, ਰਾਜੇਸ਼ ਅਤੇ ਨਮਨ ਵਿਕਸਲ ਦੇ ਪੱਛਮੀ ਬੰਗਾਲ ਵਿੱਚ ਨਗਦੀ ਸਣੇ ਫੜੇ ਜਾਣ ਬਾਅਦ ਆਇਆ ਹੈ।