ਕੋਲੰਬੋ: ਚੀਨ ਦੇ ਹਾਈ ਟੈੱਕ ਖੋਜੀ ਸਮੁੰਦਰੀ ਜਹਾਜ਼ ਦੇ ਸ੍ਰੀਲੰਕਾ ਬੰਦਰਗਾਹ ‘ਤੇ ਆਮਦ ਨੂੰ ਮੁਲਤਵੀ ਕਰਨ ਦੀ ਮੰਗ ਮਗਰੋਂ ਚੀਨੀ ਸਫ਼ਾਰਤਖਾਨਾ ਹਰਕਤ ‘ਚ ਆ ਗਿਆ ਹੈ। ਭਾਰਤ ਵੱਲੋਂ ਰਣਨੀਤਕ ਤੌਰ ‘ਤੇ ਅਹਿਮ ਬੰਦਰਗਾਹ ਹੰਬਨਟੋਟਾ ‘ਤੇ ਚੀਨੀ ਬੇੜੇ ਦੇ ਆਉਣ ਦੀਆਂ ਰਿਪੋਰਟਾਂ ਮਗਰੋਂ ਚਿੰਤਾ ਜਤਾਈ ਗਈ ਸੀ। ਚੀਨੀ ਸਫ਼ਾਰਤਖਾਨੇ ਨੇ ਸ੍ਰੀਲੰਕਾ ਦੇ ਅਧਿਕਾਰੀਆਂ ਨਾਲ ਫੌਰੀ ਮੀਟਿੰਗ ਦੀ ਮੰਗ ਕੀਤੀ ਹੈ। ਇਹ ਸਮੁੰਦਰੀ ਜਹਾਜ਼ 11 ਤੋਂ 17 ਅਗਸਤ ਤੱਕ ਖੋਜੀ ਕੰਮਾਂ ਲਈ ਸ੍ਰੀਲੰਕਾ ਦੀ ਬੰਦਰਗਾਹ ‘ਤੇ ਆਉਣਾ ਸੀ। ਸ੍ਰੀਲੰਕਾ ਦੇ ਕੁਝ ਮੀਡੀਆ ਹਲਕਿਆਂ ਮੁਤਾਬਕ ਰਾਸ਼ਟਰਪਤੀ ਰਨਿਲ ਵਿਕਰਮਸਿੰੰਘੇ ਨੇ ਚੀਨੀ ਸਫ਼ੀਰ ਸ਼ੀ ਜ਼ੇਨਹੋਂਗ ਨਾਲ ਇਸ ਬਾਰੇ ਮੀਟਿੰਗ ਵੀ ਕੀਤੀ ਹੈ ਪਰ ਰਾਸ਼ਟਰਪਤੀ ਦਫ਼ਤਰ ਨੇ ਇਨ੍ਹਾਂ ਰਿਪੋਰਟਾਂ ਨੂੰ ਨਕਾਰਿਆ ਹੈ। ਜਦੋਂ ਸਿਆਸੀ ਹਫ਼ੜਾ-ਦਫ਼ੜੀ ਦਾ ਮਾਹੌਲ ਸੀ ਤਾਂ ਤਤਕਾਲੀ ਸਰਕਾਰ ਨੇ 12 ਜੁਲਾਈ ਨੂੰ ਚੀਨੀ ਜਹਾਜ਼ ਨੂੰ ਬੰਦਰਗਾਹ ‘ਤੇ ਆਉਣ ਦੀ ਪ੍ਰਵਾਨਗੀ ਦਿੱਤੀ ਸੀ। -ਪੀਟੀਆਈ