ਸਿੰਗਾਪੁਰ, 11 ਅਗਸਤ
ਲੋਕਾਂ ਦੇ ਵਿਰੋਧ ਤੋਂ ਬਾਅਦ ਸ੍ਰੀਲੰਕਾ ਦੇ ਰਾਸ਼ਟਰਪਤੀ ਵਜੋਂ ਅਸਤੀਫ਼ਾ ਦੇਣ ਵਾਲੇ ਗੋਟਾਬਾਯਾ ਰਾਜਪਕਸੇ ਸਿੰਗਾਪੁਰ ਛੱਡ ਹੁਣ ਥਾਈਲੈਂਡ ਚਲੇ ਗਏ ਹਨ। ਉਨ੍ਹਾਂ ਨੂੰ ਸਿੰਗਾਪੁਰ ਨੇ ਥੋੜ੍ਹੇ ਸਮੇਂ ਦਾ ਹੀ ਵੀਜ਼ਾ ਦਿੱਤਾ ਸੀ ਜੋ ਕਿ ਬੁੱਧਵਾਰ ਖ਼ਤਮ ਹੋ ਗਿਆ। ਇਕ ਮੀਡੀਆ ਰਿਪੋਰਟ ਮੁਤਾਬਕ ਰਾਜਪਕਸੇ ਨੇ ਸਿੰਗਾਪੁਰ ਤੋਂ ਬੈਂਕਾਕ ਦੀ ਉਡਾਣ ਲਈ ਹੈ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਿੰਗਾਪੁਰ ਦੀ ਆਵਾਸ ਅਥਾਰਿਟੀ ਨੇ ਦੱਸਿਆ ਕਿ ਰਾਜਪਕਸੇ ਅੱਜ ਦੇਸ਼ ਛੱਡ ਗਏ ਹਨ। ਥਾਈਲੈਂਡ ਨੇ ਕਿਹਾ ਹੈ ਕਿ ਸ੍ਰੀਲੰਕਾ ਦੇ 73 ਸਾਲਾ ਆਗੂ ਉਨ੍ਹਾਂ ਦੇ ਦੇਸ਼ ਆਰਜ਼ੀ ਦੌਰੇ ਉਤੇ ਆ ਰਹੇ ਹਨ ਤੇ ਇਸ ਸਬੰਧੀ ਸ੍ਰੀਲੰਕਾ ਦੀ ਸਰਕਾਰ ਨੇ ਵੀ ਉਨ੍ਹਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਲੋਕ ਰੋਹ ਕਾਰਨ 13 ਜੁਲਾਈ ਨੂੰ ਰਾਜਪਕਸੇ ਪਹਿਲਾਂ ਸ੍ਰੀਲੰਕਾ ਤੋਂ ਮਾਲਦੀਵਜ਼ ਅਤੇ ਮਗਰੋਂ ਸਿੰਗਾਪੁਰ ਚਲੇ ਗਏ ਸਨ। ਇਸੇ ਦੌਰਾਨ ਸ੍ਰੀਲੰਕਾ ਦੀ ਸੰਸਦ ਵਿਚ ਪੇਸ਼ ਕੀਤੇ ਜਾਣ ਵਾਲੇ ਇਕ ਸੰਵਿਧਾਨਕ ਸੋਧ ਬਿੱਲ ਦੇ ਖਰੜੇ ਵਿਚ ਹੁਣ ਕਈ ਨਵੀਆਂ ਮੱਦਾਂ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਰਾਹੀਂ ਰਾਸ਼ਟਰਪਤੀ ਦੀਆਂ ਕਈ ਤਾਕਤਾਂ ਉਤੇ ਲਗਾਮ ਕੱਸੀ ਜਾਵੇਗੀ। -ਪੀਟੀਆਈ