ਨਿਊਯਾਰਕ, 12 ਅਗਸਤ
ਅਮਰੀਕਾ ਦੇ ਨਿਊਯਾਰਕ ਸੂਬੇ ‘ਚ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਵਿੱਚ ਹਡਸਨ ਨਦੀ ‘ਤੇ ਖਾਦੀ ਨਾਲ ਬਣਿਆ 220 ਫੁਟ ਲੰਮੇ ਤਿਰੰਗੇ ਦਾ ‘ਫਲਾਈ ਪਾਸਟ’ ਅਤੇ ਟਾਈਮਜ਼ ਸਕੁਏਅਰ ‘ਤੇ ਇੱਕ ਵਿਸ਼ਾਲ ਬਿਲਬੋਰਡ ਦਾ ਪ੍ਰਦਰਸ਼ਨ ਲੋਕਾਂ ਲਈ ਖਿੱਚ ਦਾ ਕੇਂਦਰ ਹੋਵੇਗਾ।
ਅਮਰੀਕਾ ਦੇ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ (ਐੱਫਆਈਏ) ਨੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਮਨਾੲੇ ਜਾ ਰਹੇ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਤਹਿਤ ਇਸ ਸਾਲ ਕਈ ਸਮਾਗਮ ਕਰਵਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ 15 ਅਗਸਤ ਨੂੰ ਟਾਈਮਜ਼ ਸਕੁਏਅਰ ‘ਤੇ ਖਾਦੀ ਨਾਲ ਬਣਿਆ ਭਾਰਤੀ ਤਿਰੰਗਾ ਲਹਿਰਾਉਣ ਨਾਲ ਹੋਵੇਗੀ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਸ਼ਹੂਰ ਐਂਪਾਇਰ ਸਟੇਟ ਬਿਲਡਿੰਗ ਨੂੰ ਤਿਰੰਗੇ ਦੇ ਰੰਗ ਦੀਆਂ ਰੋਸ਼ਨੀਆਂ ਨਾਲ ਸਜਾਇਆ ਜਾਵੇਗਾ।
ਪਰਵਾਸੀ ਭਾਰਤੀ ਭਾਈਚਾਰੇ ਵੱਲੋਂ 15 ਅਗਸਤ ਨੂੰ ਟਾਈਮਜ਼ ਸਕੁੲੇਅਰ ‘ਤੇ ਇੱਕ ਵਿਸ਼ਾਲ ‘ਇੰਡੀਆ ਡੇਅ ਪਰੇਡ’ ਵੀ ਹੋਵੇਗੀ। ਉਨ੍ਹਾਂ ਦੱਸਿਆ ਕਿ 15 ਅਗਸਤ ਨੂੰ ਹਡਸਨ ਨਦੀ ‘ਤੇ 220 ਫੁੱਟ ਲੰਮੇ ਖਾਦੀ ਦੇ ਬਣੇ ਤਿਰੰਗੇ ਦਾ ਫਲਾਈ ਪਾਸਟ ਹੋਵੇਗਾ ਜਿਸ ਨੂੰ ਦੇਖਣ ਲਈ ਹਜ਼ਾਰਾਂ ਲੋਕ ਇਕੱਠੇ ਹੋਣਗੇ।
ਐੱਫਆਈਏ ਦੇ ਪ੍ਰਧਾਨ ਕੈਨੀ ਦੇਸਾਈ ਨੇ ਐਲਾਨ ਕੀਤਾ ਕਿ ਐੱਫਆਈਏ ਦੀ 21 ਅਗਸਤ ਨੂੰ ਹੋਣ ਵਾਲੀ 40ਵੀਂ ਇੰਡੀਆ ਡੇਅ ਪਰੇਡ ਵਿੱਚ ਤੇਲੁਗੂ ਸੁਪਰ ਸਟਾਰ ਅਰਜੁਨ ਗਰੈਂਡ ਮਾਰਸ਼ਲ ਵਜੋਂ ਸ਼ਾਮਲ ਹੋਵੇਗਾ। ਉਨ੍ਹਾਂ 15 ਅਗਸਤ ਨੂੰ ਨਿਊਯਾਰਕ ਤੇ ਨਿਊ ਜਰਸੀ ਵਿਚਾਲੇ ਹਡਸਨ ਨਦੀ ‘ਤੇ ਹੋਣ ਵਾਲੇ ਤਿਰੰਗੇ ਦੇ ਫਲਾਈ ਪਾਸਟ ਲਈ ਵੀ ਖੁਸ਼ੀ ਜ਼ਾਹਿਰ ਕੀਤੀ। -ਪੀਟੀਆਈ