ਜੈਪੁਰ, 16 ਅਗਸਤ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੋਸ਼ ਲਾਇਆ ਹੈ ਕਿ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਆਪਣੇ ਦਫ਼ਤਰਾਂ ਵਿੱਚ ‘ਪੈਸਾ’ ਲਿਆਉਣ ਲਈ ਨੀਮ ਫ਼ੌਜੀ ਬਲਾਂ ਦੇ ਟਰੱਕਾਂ ਦੀ ਦੁਰਵਰਤੋਂ ਕਰਦੀ ਹੈ। ਉਨ੍ਹਾਂ ਕਿਹਾ ਹੈ ਕਿ ਜਿਥੇ ਵੀ ਭਾਜਪਾ ਦੀ ਸਰਕਾਰ ਹੁੰਦੀ ਹੈ, ਉੱਥੇ ਨੀਮ ਫ਼ੌਜੀ ਬਲ ਜਾਂ ਪੁਲੀਸ ਦੇ ਟਰੱਕ ਪਾਰਟੀ ਹੈੱਡਕੁਆਰਟਰ ‘ਤੇ ਜਮ੍ਹਾਂ ਕਰਵਾਉਣ ਲਈ ਬਕਸਿਆਂ ਵਿੱਚ ਪੈਸੇ ਲੈ ਕੇ ਆਉਂਦੇ ਹਨ। ਇਸ ਦੇ ਨਾਲ ਹੀ ਭਾਜਪਾ ਨੇ ਮੁੱਖ ਮੰਤਰੀ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਹੈ ਕਿ ਗਹਿਲੋਤ ਅਜਿਹੇ ਬਿਆਨ ਦੇ ਕੇ ਦੇਸ਼ ਦੀ ਅੰਦਰੂਨੀ ਸੁਰੱਖਿਆ ‘ਚ ਤਾਇਨਾਤ ਨੀਮ ਫੌਜੀ ਬਲਾਂ ਅਤੇ ਪੁਲੀਸ ਕਰਮਚਾਰੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ।