ਨਵੀਂ ਦਿੱਲੀ, 18 ਅਗਸਤ
ਸਪਾਈਸ ਜੈੱਟ ਤੇ ਸਵਿਸ ਕੰਪਨੀ ਕਰੈਡਿਟ ਸੂਸੇ ਏਜੀ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਦੋਹਾਂ ਕੰਪਨੀਆਂ ਨੇ ਵਿੱਤੀ ਵਿਵਾਦ ਸੁਲਝਾ ਲਏ ਹਨ ਜਿਸ ਮਗਰੋਂ ਸਪਾਈਸ ਜੈੱਟ ਏਅਰਲਾਈਨਜ਼ ਨੇ ਮਦਰਾਸ ਹਾਈ ਕੋਰਟ ਵੱਲੋਂ ਦਿੱਤੇ ਫੈਸਲੇ ਖ਼ਿਲਾਫ਼ ਦਾਇਰ ਕੀਤੀ ਅਪੀਲ ਵਾਪਸ ਲੈ ਲਈ ਹੈ। ਇਸ ਕੇਸ ਦੀ ਸੁਣਵਾਈ ਚੀਫ ਜਸਟਿਸ ਐੱਨ. ਵੀ. ਰਾਮੰਨਾ ਤੇ ਜਸਟਿਸ ਹਿਮਾ ਕੋਹਲੀ ਤੇ ਸੀ. ਟੀ. ਰਵੀ ਕੁਮਾਰ ‘ਤੇ ਆਧਾਰਤ ਸੁਪਰੀਮ ਕੋਰਟ ਦੇ ਬੈਂਚ ਵੱਲੋਂ ਕੀਤੀ ਗਈ। ਸਪਾਈਸ ਜੈੱਟ ਏਅਰਲਾਈਨਜ਼ ਨੇ ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੂੰ ਦੱਸਿਆ ਕਿ ਸਵਿਸ ਕੰਪਨੀ ਨਾਲ 23 ਮਈ ਨੂੰ ਵਿੱਤੀ ਵਿਵਾਦ ਸੁਲਝਾ ਲਿਆ ਗਿਆ ਹੈ। ਇਸੇ ਦੌਰਾਨ ਸੁਪਰੀਮ ਕੋਰਟ ਨੇ ਦੋਵੇਂ ਧਿਰਾਂ ਨੂੰ ਸਮਝੌਤੇ ਦੀਆਂ ਮੱਦਾਂ ‘ਤੇ ਕਾਇਮ ਰਹਿਣ ਦੇ ਹੁਕਮ ਦਿੱਤੇ ਹਨ। -ਪੀਟੀਆਈ