ਬਹਿਰਾਇਚ, 19 ਅਗਸਤ
ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ 13 ਸਾਲਾ ਲੜਕੇ ਦੀ ਉਸ ਦੇ ਅਧਿਆਪਕ ਵੱਲੋਂ ਕਥਿਤ ਤੌਰ ‘ਤੇ ਕੁੱਟਮਾਰ ਕਰਨ ਤੋਂ ਕਰੀਬ ਨੌਂ ਦਿਨਾਂ ਬਾਅਦ ਹਸਪਤਾਲ ਵਿੱਚ ਮੌਤ ਹੋ ਗਈ। ਕੁੱਟ ਕਾਰਨ ਬੱਚੇ ਦੇ ਸਰੀਰ ਅੰਦਰ ਖੂਨ ਵਹਿਣ ਕਾਰਨ ਮੌਤ ਹੋ ਗਈ। ਪੀੜਤ ਦੇ ਭਰਾ ਰਾਜੇਸ਼ ਵਿਸ਼ਵਕਰਮਾ ਨੇ ਪੱਤਰਕਾਰਾਂ ਨੂੰ ਦੱਸਿਆ, ‘ਮੇਰੇ ਭਰਾ ਨੂੰ ਉਸ ਦੇ ਅਧਿਆਪਕ ਨੇ 250 ਰੁਪਏ ਪ੍ਰਤੀ ਮਹੀਨਾ ਸਕੂਲ ਫੀਸ ਕਾਰਨ ਕੁੱਟਿਆ ਸੀ। ਮੈਂ ਇਹ ਆਨਲਾਈਨ ਅਦਾ ਕਰ ਦਿੱਤਾ ਸੀ ਪਰ ਅਧਿਆਪਕ ਨੂੰ ਪਤਾ ਨਹੀਂ ਲੱਗਾ ਅਤੇ ਮੇਰੇ ਭਰਾ ਨੂੰ ਬੇਰਹਿਮੀ ਨਾਲ ਕੁੱਟਿਆ।’ ਪੀੜਤਾ ਦੇ ਚਾਚੇ ਨੇ ਹੁਣ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਘਟਨਾ ਜਾਤਵਾਦੀ ਰੰਗਤ ਵੀ ਲੈ ਗਈ ਹੈ ਤੇ ਲੜਕੇ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਪੀੜਤ ਦੀ ਕੁੱਟਮਾਰ ਇਸ ਲਈ ਕੀਤੀ ਗਈ ਕਿਉਂਕਿ ਉਹ ਦਲਿਤ ਸੀ ਜਦਕਿ ਅਧਿਆਪਕ ਅਖੌਤੀ ਉੱਚ ਜਾਤੀ ਨਾਲ ਸਬੰਧਤ ਸੀ। ਪਿਛਲੇ ਹਫ਼ਤੇ ਰਾਜਸਥਾਨ ਵਿੱਚ ਨੌਂ ਸਾਲਾ ਦਲਿਤ ਲੜਕੇ ਦੀ ਵੀ ਮੌਤ ਹੋ ਗਈ ਸੀ, ਜਿਸ ਨੂੰ ਉਸ ਦੇ ਸਕੂਲ ਅਧਿਆਪਕ ਵੱਲੋਂ ਪੀਣ ਵਾਲੇ ਪਾਣੀ ਦੇ ਘੜੇ ਨੂੰ ਛੂਹਣ ਕਾਰਨ ਕੁੱਟਿਆ ਗਿਆ ਸੀ।