ਰਾਜੌਰੀ/ਜੰਮੂ, 24 ਅਗਸਤ
ਫੌਜ ਨੇ ਬੀਤੇ 48 ਘੰਟਿਆਂ ਵਿੱਚ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਇਲਾਕੇ ਵਿੱਚ ਕੰਟਰੋਲ ਰੇਖਾ ਨੇੜੇ ਘੁਸਪੈਠ ਦੀਆਂ ਦੋ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਫੌਜ ਦੀ 80 ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਕਪਿਲ ਰਾਣਾ ਅਨੁਸਾਰ 21 ਅਤੇ 22 ਅਗਸਤ ਨੂੰ ਝੰਗਾਰ ਤੇ ਲਾਮ ਇਲਾਕਿਆਂ ਵਿੱਚ ਅਤਿਵਾਦੀਆਂ ਵੱਲੋਂ ਭਾਰਤੀ ਇਲਾਕੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਵਿੱਚੋਂ ਦੋ ਅਤਿਵਾਦੀਆਂ ਨੂੰ ਮਾਰ ਦਿੱਤਾ ਗਿਆ ਤੇ ਇਕ ਅਤਿਵਾਦੀ, ਜੋ ਕਿ ਮਾਰੇ ਗਏ ਅਤਿਵਾਦੀਆਂ ਦਾ ਗਾਈਡ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਅਤਿਵਾਦੀ ਨੂੰ ਪਾਕਿਸਤਾਨ ਦੀ ਚੌਕਸੀ ਏਜੰਸੀ ਨੇ ਭਾਰਤ ਵਿੱਚ ਫੌਜ ਦੀ ਚੌਕੀ ‘ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਬ੍ਰਿਗੇਡੀਅਰ ਰਾਣਾ ਨੇ ਦੱਸਿਆ ਕਿ ਕੰਟਰੋਲ ਰੇਖਾ ਨੇੜੇ ਤਾਇਨਾਤ ਸੁਰੱਖਿਆ ਦਲ ਪੂਰੀ ਤਰ੍ਹਾਂ ਚੌਕਸ ਹਨ ਜਿਨ੍ਹਾਂ ਨੇ ਜੰਮੂ ਇਲਾਕੇ ਵਿੱਚ ਸ਼ਾਂਤੀ ਭੰਗ ਕਰਨ ਇਰਾਦਿਆਂ ਨੂੰ ਨਾਕਾਮ ਬਣਾ ਦਿੱਤਾ ਹੈ। -ਪੀਟੀਆਈ