ਨਵੀਂ ਦਿੱਲੀ, 24 ਅਗਸਤ
ਯੂਪੀਐੱਸਸੀ ਨੇ ਸਰਕਾਰੀ ਨੌਕਰੀਆਂ ਦੇ ਇੱਛੁਕ ਨੌਜਵਾਨਾਂ ਲਈ ਵਨ ਟਾਈਮ ਰਜਿਸਟਰੇਸ਼ਨ (ਓਟੀਆਰ) ਸਹੂਲਤ ਸ਼ੁਰੂ ਕੀਤੀ ਹੈ। ਹੁਣ ਨੌਜਵਾਨਾਂ ਨੂੰ ਵੱਖ ਵੱਖ ਭਰਤੀ ਪ੍ਰੀਖਿਆਵਾਂ ਲਈ ਹਰ ਵਾਰ ਆਪਣੇ ਵੇਰਵੇ ਭਰਨ ਦੀ ਲੋੜ ਨਹੀਂ ਹੋਵੇਗੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਿਹੜੇ ਨੌਜਵਾਨ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀਆਂ ਭਵਿੱਖੀ ਪ੍ਰੀਖਿਆਵਾਂ ‘ਚ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਓਟੀਆਰ ਪਲੈਟਫਾਰਮ ‘ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਉਮੀਦਵਾਰਾਂ ਦਾ ਸਮਾਂ ਬਚੇਗਾ ਅਤੇ ਅਰਜ਼ੀ ਪ੍ਰਕਿਰਿਆ ਹੋਰ ਸੁਖਾਲੀ ਹੋਵੇਗੀ। ਯੂਪੀਐੱਸਸੀ ਨੇ ਕਿਹਾ ਕਿ ਇਕ ਵਾਰ ਰਜਿਸਟਰੇਸ਼ਨ ਮੁਕੰਮਲ ਹੋ ਗਈ ਤਾਂ ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਦੀ ਜਾਣਕਾਰੀ ਕਮਿਸ਼ਨ ਦੇ ਸਰਵਰਾਂ ‘ਤੇ ਹਮੇਸ਼ਾ ਲਈ ਸੁਰੱਖਿਅਤ ਹੋ ਜਾਵੇਗੀ। ਕਮਿਸ਼ਨ ਦੀ ਵੈੱਬਸਾਈਟ ਯੂਪੀਐੱਸਸੀ. ਜੀਓਵੀ.ਇਨ ਅਤੇ ਯੂਪੀਐੱਸਸੀਆਨਲਾਈਨ.ਐੱਨਆਈਸੀ.ਇਨ ‘ਤੇ ਵਨ ਟਾਈਮ ਰਜਿਸ਼ਟਰੇਸ਼ਨ ਲਾਂਚ ਕਰ ਦਿੱਤੀ ਗਈ ਹੈ। ਉਨ੍ਹਾਂ ਚਾਹਵਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਜਾਣਕਾਰੀ ਓਟੀਆਰ ‘ਤੇ ਪੂਰੇ ਧਿਆਨ ਨਾਲ ਭਰਨ ਤਾਂ ਜੋ ਭਵਿੱਖ ‘ਚ ਕੋਈ ਸਮੱਸਿਆ ਖੜ੍ਹੀ ਨਾ ਹੋਵੇ। -ਪੀਟੀਆਈ