ਕੈਨਬਰਾ, 2 ਸਤੰਬਰ
ਆਸਟਰੇਲੀਆ ਦੀ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਉਹ ਮੌਜੂਦਾ ਵਿੱਤੀ ਸਾਲ ਵਿੱਚ ਆਪਣੀ ਸਥਾਈ ਇਮੀਗ੍ਰੇਸ਼ਨ ਹੱਦ 35,000 ਤੋਂ ਵਧਾ ਕੇ 1,95,000 ਕਰ ਦੇਵੇਗੀ, ਕਿਉਂਕਿ ਦੇਸ਼ ਵਿੱਚ ਹੁਨਰ ਅਤੇ ਕਿਰਤ ਸ਼ਕਤੀ ਦੀ ਕਮੀ ਨਾਲ ਜੂਝ ਰਿਹਾ ਹੈ। ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਅਰ ਓ’ਨੀਲ ਨੇ ਮਹਾਮਾਰੀ ਕਾਰਨ ਪੈਦਾ ਹੋਈ ਕਾਮਿਆਂ ਦੀ ਕਮੀ ਨੂੰ ਹੱਲ ਕਰਨ ਲਈ ਸਰਕਾਰਾਂ, ਟਰੇਡ ਯੂਨੀਅਨਾਂ, ਕਾਰੋਬਾਰਾਂ ਅਤੇ ਉਦਯੋਗਾਂ ਦੇ 140 ਪ੍ਰਤੀਨਿਧਾਂ ਦੇ ਦੋ ਦਿਨਾਂ ਸੰਮੇਲਨ ਦੌਰਾਨ 30 ਜੂਨ 2023 ਨੂੰ ਖਤਮ ਹੋਣ ਵਾਲੇ ਵਿੱਤੀ ਸਾਲ ਲਈ ਵਾਧੇ ਦਾ ਐਲਾਨ ਕੀਤਾ। ਓ’ਨੀਲ ਨੇ ਕਿਹਾ ਕਿ ਆਸਟਰੇਲੀਆ ਵਿਚ ਨਰਸਾਂ ਪਿਛਲੇ ਦੋ ਸਾਲਾਂ ਤੋਂ ਦੋ-ਤਿੰਨ ਸ਼ਿਫਟਾਂ ਵਿਚ ਕੰਮ ਕਰ ਰਹੀਆਂ ਹਨ, ਹੇਠਲੇ ਸਟਾਫ ਦੀ ਘਾਟ ਕਾਰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਫਲਾਂ ਨੂੰ ਦਰਖਤਾਂ ‘ਤੇ ਸੜਨ ਲਈ ਛੱਡ ਦਿੱਤਾ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਤੋੜਨ ਵਾਲਾ ਹੀ ਨਹੀਂ।