ਨਵੀਂ ਦਿੱਲੀ, 15 ਸਤੰਬਰ
ਪੱਛਮੀ ਬੰਗਾਲ ਸਕੂਲ ਸੇਵਾ ਕਮਿਸ਼ਨ (ਐਸਐਸਸੀ) ਘੁਟਾਲੇ ਦੇ ਸਬੰਧ ਵਿੱਚ ਸੀਬੀਆਈ ਨੇ ਵੀਰਵਾਰ ਨੂੰ ਦਿੱਲੀ ਅਤੇ ਕੋਲਕਾਤਾ ਵਿੱਚ ਦੋ ਸਾਫਟਵੇਅਰ ਕੰਪਨੀਆਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਨਿਯੁਕਤੀ ਲਈ ਆਏ ਉਮੀਦਵਾਰਾਂ ਨੂੰ ਲਾਭ ਪਹੁੰਚਾਉਣ ਲਈ ਉਨ੍ਹਾਂ ਦੇ ਰਿਕਾਰਡ ਵਿੱਚ ਛੇੜਛਾੜ ਕੀਤੀ ਗਈ ਸੀ, ਜਿਸ ਕਾਰਨ ਕੰਪਨੀਆਂ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਆਈ ਸੀ। ਉਨ੍ਹਾਂ ਦੱਸਿਆ ਕਿ ਅੱਜ ਐਨਡੀ ਇੰਫੋਸਿਸਟਮ ਪ੍ਰਾਈਵੇਟ ਲਿਮਟਿਡ ਅਤੇ ਐਨਵਾਈਐਸਏ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਦਫਤਰਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਲਕਾਂ ਨੀਲਾਦਰੀ ਦਾਸ ਅਤੇ ਪੁਨੀਤ ਕੁਮਾਰ ਦੀਆਂ ਰਿਹਾਇਸ਼ਾਂ ‘ਤੇ ਵੀ ਛਾਪੇ ਮਾਰੇ ਗਏ। ਸੀਬੀਆਈ ਅਨੁਸਾਰ ਇਹ ਕੰਪਨੀਆਂ ਓਐਮਆਰ ਸ਼ੀਟਾਂ ਦੇ ਮੁਲਾਂਕਣ ਵਿੱਚ ਸ਼ਾਮਲ ਸਨ। ਕਾਬਿਲੇਗੌਰ ਹੈ ਕਿ ਸੀਬੀਆਈ ਨੇ 18 ਮਈ ਨੂੰ ਪੱਛਮੀ ਬੰਗਾਲ ਦੇ ਤਤਕਾਲੀ ਸਿੱਖਿਆ ਰਾਜ ਮੰਤਰੀ ਪਰੇਸ਼ ਚੰਦਰ ਅਧਿਕਾਰੀ ਅਤੇ ਉਸ ਦੀ ਧੀ ਅੰਕਿਤਾ ਅਧਿਕਾਰੀ ਵਿਰੁੱਧ ਕਲਕੱਤਾ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਆਪਣੀ ਧੀ ਦੀ ਅਧਿਆਪਕ ਵਜੋਂ ਕਥਿਤ ਗੈਰ-ਕਾਨੂੰਨੀ ਨਿਯੁਕਤੀ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਸੀ। -ਏਜੰਸੀ