ਪੇਈਚਿੰਗ, 19 ਸਤੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਜੇਕਰ ਚੀਨ, ਤਾਇਵਾਨ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਮਰੀਕੀ ਸੁਰੱਖਿਆ ਬਲ ਉਸ ਦੀ ਰੱਖਿਆ ਕਰਨਗੇ। ਚੀਨ ਇਸ ਖ਼ੁਦਮੁਖਤਿਆਰ ਦੀਪ ‘ਤੇ ਆਪਣਾ ਦਾਅਵਾ ਕਰਦਾ ਹੈ। ਨਿਊਜ਼ ਚੈਨਲ ‘ਸੀਬੀਐੱਸ ਨਿਊਜ਼’ ‘ਤੇ ਪ੍ਰਸਾਰਿਤ ’60 ਮਿੰਟ’ ਪ੍ਰੋਗਰਾਮ ਦੌਰਾਨ ਇਕ ਇੰਟਰਵਿਊ ਵਿੱਚ ਬਾਇਡਨ ਕੋਲੋਂ ਪੁੱਛਿਆ ਗਿਆ, ”ਜੇਕਰ ਚੀਨ, ਤਾਇਵਾਨ ‘ਤੇ ਹਮਲਾ ਕਰਦਾ ਹੈ ਤਾਂ ਕੀ ਅਮਰੀਕੀ ਸੁਰੱਖਿਆ ਬਲ, ਅਮਰੀਕੀ ਪੁਰਸ਼ ਤੇ ਮਹਿਲਾਵਾਂ ਉਸ ਦੀ ਰੱਖਿਆ ਕਰਨਗੇ।” ਇਸ ਦੇ ਜਵਾਬ ਵਿੱਚ ਬਾਇਡਨ ਨੇ ‘ਹਾਂ’ ਕਿਹਾ। ਸੀਬੀਐੱਸ ਨਿਊਜ਼ ਨੇ ਦੱਸਿਆ ਕਿ ਇੰਟਰਵਿਊ ਤੋਂ ਬਾਅਦ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਇਸ ਨੀਤੀ ਤਹਿਤ ਅਮਰੀਕਾ ਦਾ ਮੰਨਣਾ ਹੈ ਕਿ ਤਾਇਵਾਨ ਦਾ ਮਾਮਲਾ ਸ਼ਾਂਤੀਪੂਰਨ ਢੰਗ ਨਾਲ ਸੁਲਝਾਇਆ ਜਾਣਾ ਚਾਹੀਦਾ ਹੈ ਪਰ ਨੀਤੀ ਇਹ ਨਹੀਂ ਦੱਸਦੀ ਕਿ ਚੀਨੀ ਹਮਲੇ ਦੀ ਸਥਿਤੀ ਵਿੱਚ ਅਮਰੀਕੀ ਬਲਾਂ ਨੂੰ ਭੇਜਿਆ ਜਾ ਸਕਦਾ ਹੈ ਜਾਂ ਨਹੀਂ। -ਏਪੀ