ਨਵੀਂ ਦਿੱਲੀ, 21 ਸਤੰਬਰ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਇੱਥੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਗਹਿਲੋਤ ਨੇ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਦੇ ਸੰਕੇਤ ਦਿੱਤੇ ਸਨ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਗਹਿਲੋਤ ਅਤੇ ਸੋਨੀਆ ਗਾਂਧੀ ਨੇ ਕਾਂਗਰਸ ਪ੍ਰਧਾਨ ਦੀ ਚੋਣ ਦੇ ਏਜੰਡਾ ‘ਤੇ ਚਰਚਾ ਕੀਤੀ। ਅਸ਼ੋਕ ਗਹਿਲੋਤ ਦੇ ਅੱਜ ਮੁੰਬਈ ਜਾਣ ਦੀ ਸੰਭਾਵਨਾ ਹੈ। ਉਹ ਵੀਰਵਾਰ ਨੂੰ ਕੋਚੀ ਪਹੁੰਚਣਗੇ ਜਿੱਥੇ ਉਹ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਰਾਹੁਲ ਗਾਂਧੀ ਨੂੰ ਮਨਾਉਣ ਦੀ ਆਖਰੀ ਕੋਸ਼ਿਸ਼ ਕਰਨਗੇ। ਇਸ ਤੋਂ ਪਹਿਲਾਂ ਜੈਪੁਰ ਤੋਂ ਇੱਥੇ ਪਹੁੰਚਣ ‘ਤੇ ਅਸ਼ੋਕ ਗਹਿਲੋਤ ਨੇ ਚੋਣ ਲੜਨ ਦੇ ਸਪੱਸ਼ਟ ਸੰਕੇਤ ਦਿੰਦਿਆਂ ਕਿਹਾ ਕਿ ਜੇਕਰ ਪਾਰਟੀ ਦੇ ਲੋਕ ਅਜਿਹਾ ਚਾਹੁੰਦੇ ਹਨ ਤਾਂ ਉਹ ਨਾਮਜ਼ਦਗੀ ਕਾਗਜ਼ ਭਰਨ ਅਤੇ ਪਾਰਟੀ ਵੱਲੋਂ ਸੌਂਪੀ ਕੋਈ ਵੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਰਾਹੁਲ ਗਾਂਧੀ ਨੂੰ ਮਨਾਉਣ ਦੀ ਆਖਰੀ ਕੋਸ਼ਿਸ਼ ਕਰਨਗੇ।