ਜੰਮੂ, 21 ਸਤੰਬਰ
ਇੱਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਸੀਬੀਆਈ ਨੂੰ ਕਿਹਾ ਹੈ ਕਿ ਜੇਕੇਐਲਐਫ ਮੁਖੀ ਯਾਸੀਨ ਮਲਿਕ ਨੂੰ ਵਿਅਕਤੀਗਤ ਤੌਰ ‘ਤੇ ਜੰਮੂ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਮਲਿਕ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਹੈ ਤੇ ਸੁਣਵਾਈ ਆਨਲਾਈਨ ਹੋ ਰਹੀ ਸੀ। ਇਹ ਕੇਸ ਰੁਬਈਆ ਸਈਦ ਅਗਵਾ ਕਾਂਡ ਨਾਲ ਜੁੜਿਆ ਹੋਇਆ ਹੈ। ਸੰਨ 1989 ਵਿਚ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੀ ਧੀ ਰੁਬਈਆ ਨੂੰ ਅਗਵਾ ਕਰ ਲਿਆ ਗਿਆ ਸੀ। ਵਿਸ਼ੇਸ਼ ਅਦਾਲਤ ਨੇ 20 ਅਕਤੂਬਰ ਨੂੰ ਮਲਿਕ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਵੱਲੋਂ ਸੀਬੀਆਈ ਨੂੰ ਪ੍ਰੋਡਕਸ਼ਨ ਵਾਰੰਟ ਕੱਢਿਆ ਗਿਆ ਹੈ ਤਾਂ ਜੋ ਗਵਾਹਾਂ ਨੂੰ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਸਕੇ। ਸੀਬੀਆਈ ਨੇ ਪ੍ਰੋਡਕਸ਼ਨ ਵਾਰੰਟ ਦਾ ਵਿਰੋਧ ਕਰਦਿਆਂ ਕਿਹਾ ਕਿ ਹਾਈ ਕੋਰਟ ਵੱਲੋਂ ਵਿਸ਼ੇਸ਼ ਹਦਾਇਤਾਂ ਹਨ ਕਿ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਪੇਸ਼ ਕੀਤਾ ਜਾਵੇ। -ਪੀਟੀਆਈ