ਤਹਿਰਾਨ, 23 ਸਤੰਬਰ
ਪੁਲੀਸ ਹਿਰਾਸਤ ਵਿਚ ਹੋਈ 22 ਸਾਲਾ ਲੜਕੀ ਦੀ ਮੌਤ ਖ਼ਿਲਾਫ਼ ਇਰਾਨ ‘ਚ ਹੋ ਰਹੇ ਰੋਸ ਮੁਜ਼ਾਹਰਿਆਂ ‘ਚ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਰਾਨ ਦੇ ਸਰਕਾਰੀ ਟੀਵੀ ਨੇ ਰੋਸ ਮੁਜ਼ਾਹਰਿਆਂ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਮੌਤਾਂ ਦੇ ਅੰਕੜਿਆਂ ਦੀ ਹਾਲਾਂਕਿ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ। ਜ਼ਿਕਰਯੋਗ ਹੈ ਕਿ ਮਾਹਸਾ ਅਮੀਨੀ ਨੂੰ ਇਰਾਨ ਦੀ ਪੁਲੀਸ ਨੇ ਸਖ਼ਤੀ ਨਾਲ ਲਾਗੂ ਹਿਜਾਬ ਸਬੰਧੀ ਹਦਾਇਤਾਂ ਦੀ ਉਲੰਘਣਾ ਲਈ ਹਿਰਾਸਤ ਵਿਚ ਲਿਆ ਸੀ। ਉਸ ਦੀ ਮੌਤ ਤੋਂ ਬਾਅਦ ਇਰਾਨ ਵਿਚ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਪੁਲੀਸ ਦਾ ਕਹਿਣਾ ਹੈ ਕਿ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਤੇ ਲੜਕੀ ਉਤੇ ਕੋਈ ਤਸ਼ੱਦਦ ਨਹੀਂ ਕੀਤਾ ਗਿਆ ਸੀ। ਪਰ ਮ੍ਰਿਤਕਾ ਦੇ ਪਰਿਵਾਰ ਨੇ ਮੌਤ ‘ਤੇ ਸ਼ੱਕ ਜ਼ਾਹਿਰ ਕੀਤਾ ਸੀ। ਦੱਸਣਯੋਗ ਹੈ ਕਿ ਰੋਸ ਮੁਜ਼ਾਹਰੇ ਇਰਾਨ ਦੇ ਕਰੀਬ 13 ਸ਼ਹਿਰਾਂ ਵਿਚ ਫੈਲ ਗਏ ਹਨ। ਇਰਾਨ ਨੇ ਰੋਸ ਮੁਜ਼ਾਹਰਿਆਂ ਨੂੰ ਰੋਕਣ ਲਈ ਇੰਟਰਨੈੱਟ ਉਤੇ ਪਾਬੰਦੀਆਂ ਲਾਈਆਂ ਹਨ। ਵਟਸਐਪ ਤੇ ਇੰਸਟਾਗ੍ਰਾਮ ਵੀ ਬੰਦ ਕਰ ਦਿੱਤੇ ਗਏ ਹਨ। -ਏਪੀ