ਲੰਡਨ, 30 ਸਤੰਬਰ
ਬਰਤਾਨੀਆ ਦੀ ‘ਰੌਇਲ ਮਿੰਟ’ ਨੇ ਰਾਜਾ ਚਾਰਲਸ-3 ਦੀ ਤਸਵੀਰ ਵਾਲੇ ਸਿੱਕੇ ਜਾਰੀ ਕੀਤੇ ਹਨ। ਬਰਤਾਨੀਆ ਵਿੱਚ ਲੋਕਾਂ ਨੂੰ ਦਸੰਬਰ ਮਹੀਨੇ ਤੱਕ ਇਹ ਸਿੱਕੇ ਦਿਖਣੇ ਸ਼ੁਰੂ ਹੋ ਜਾਣਗੇ, ਜਿਨ੍ਹਾਂ ‘ਤੇ ਚਾਰਲਸ ਦੀ ਤਸਵੀਰ ਉਕੇਰੀ ਗਈ ਹੈ। 50 ਪੈਂਸ ਦੇ ਇਹ ਸਿੱਕੇ ਹੌਲੀ-ਹੌਲੀ ਬਾਜ਼ਾਰ ਵਿੱਚ ਪਹੁੰਚਣਗੇ। ਬਰਤਾਨੀਆ ਦੇ ਸਿੱਕੇ ਬਣਾਉਣ ਵਾਲੀ ਕੰਪਨੀ ‘ਰੌਇਲ ਮਿੰਟ’ ਨੇ ਅੱਜ ਦੱਸਿਆ ਕਿ ਨਵੇਂ ਰਾਜਾ ਦੀ ਸਿੱਕੇ ‘ਤੇ ਬਣੀ ਤਸਵੀਰ ਨੂੰ ਬਰਤਾਨਵੀ ਮੂਰਤੀਕਾਰ ਮਾਰਟਿਨ ਜੈਨਿੰਗਸ ਨੇ ਬਣਾਇਆ ਹੈ ਅਤੇ ਚਾਰਲਸ ਨੇ ਖ਼ੁਦ ਇਸ ਨੂੰ ਮਨਜ਼ੂਰੀ ਦਿੱਤੀ ਹੈ। ਰਵਾਇਤ ਅਨੁਸਾਰ, ਸਿੱਕੇ ‘ਤੇ ਰਾਜਾ ਦੀ ਤਸਵੀਰ ਦਾ ਮੂੰਹ ਉਨ੍ਹਾਂ ਦੀ ਮਾਂ ਮਹਾਰਾਣੀ ਐਲਿਜ਼ਾਬੈੱਥ-2 ਦੀ ਤਸਵੀਰ ਦੇ ਉਲਟ ਦਿਸ਼ਾ ਵਿੱਚ ਮਤਲਬ ਖੱਬੇ ਵੱਲ ਹੈ। ਦੋਵੇਂ ਸਿੱਕੇ ਨਾਲ ਰੱਖਣ ‘ਤੇ ਦੋਹਾਂ ਦੇ ਮੂੰਹ ਇਕ-ਦੂਜੇ ਦੇ ਸਾਹਮਣੇ ਨਜ਼ਰ ਆਉਣਗੇ। -ਏਜੰਸੀ