ਨਵੀਂ ਦਿੱਲੀ, 14 ਅਕਤੂਬਰ
ਰੂਸ ਦੀ ਰਾਜਧਾਨੀ ਮਾਸਕੋ ਤੋਂ ਆ ਰਹੇ ਯਾਤਰੀ ਜਹਾਜ਼ ਵਿੱਚ ਬੰਬ ਹੋਣ ਦੀ ਧਮਕੀ ਤੋਂ ਬਾਅਦ ਉਸ ਨੂੰ ਅੱਜ ਤੜਕੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੰਗਾਮੀ ਹਾਲਾਤ ਵਿੱਚ ਉਤਾਰ ਲਿਆ ਗਿਆ। ਜਹਾਜ਼ ਵਿੱਚ ਕੁੱਲ 400 ਲੋਕ ਸਵਾਰ ਸਨ। ਰੂਸੀ ਏਅਰਲਾਈਨ ਏਅਰੋਫਲੋਟ ਦੀ ਉਡਾਣ ਨੰਬਰ ਐੱਸਯੂ-232 ਨੇ ਅੱਜ ਤੜਕੇ ਕਰੀਬ 2.48 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪੁਲੀਸ ਮੁਤਾਬਕ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਨੂੰ ਜਹਾਜ਼ ਵਿੱਚ ਬੰਬ ਹੋਣ ਦੀ ਈਮੇਲ ਚੇਤਾਵਨੀ ਮਿਲੀ ਸੀ। ਜਹਾਜ਼ ਦੇ ਉਤਰਦੇ ਹੀ 386 ਯਾਤਰੀਆਂ ਅਤੇ ਚਾਲਕ ਦਲ ਦੇ 14 ਮੈਂਬਰਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਜਹਾਜ਼ ਦੀ ਜਾਂਚ ਕੀਤੀ ਗਈ ਅਤੇ ਪਰ ਉਸ ਵਿਚੋਂ ਕੁੱਝ ਵੀ ਨਹੀਂ ਮਿਲਿਆ।