ਨਵੀਂ ਦਿੱਲੀ, 18 ਅਕਤੂਬਰ
ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਸਾਰੇ ਮੁਲਕਾਂ ਨੂੰ ਕਿਹਾ ਹੈ ਕਿ ਉਹ ਮੁੱਢਲੇ ਸਿਹਤ ਸੰਭਾਲ ਢਾਂਚੇ ਉਤੇ ਖ਼ਰਚ ਦੀ ਅਹਿਮੀਅਤ ਨੂੰ ਪਛਾਣਨ। ਉਨ੍ਹਾਂ ਕਿਹਾ ਕਿ ਸਿਹਤ ਸੁਰੱਖਿਆ ਤੋਂ ਬਿਨਾਂ ਕੋਈ ਆਰਥਿਕ ਸੁਰੱਖਿਆ ਨਹੀਂ ਹੈ। ਡਬਲਿਊਐਚਓ ਦੀ ਦੱਖਣ-ਪੂਰਬੀ ਏਸ਼ਿਆਈ ਖੇਤਰ ਦੀ ਮੁਖੀ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਮਜ਼ਬੂਤ ਸਿਹਤ ਢਾਂਚਾ ਹੀ ਸਿਹਤ ਐਮਰਜੈਂਸੀ ਦਾ ਢੁੱਕਵਾਂ ਜਵਾਬ ਦੇ ਸਕਦਾ ਹੈ, ਤੇ ਆਰਥਿਕ ਸੁਰੱਖਿਆ ਲਈ ਸਿਹਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਇਹ ਗੱਲ ਹਰੇਕ ਨੂੰ ਪਤਾ ਲੱਗ ਗਈ ਹੈ। ਡਾ. ਪੂਨਮ ਨੇ ਕਿਹਾ ਕਿ ਸਾਰਿਆਂ ਦਾ ਸਿਹਤਮੰਦ ਹੋਣਾ ਤੇ ਸਾਰਿਆਂ ਦੀ ਸਿਹਤ ਸਹੂਲਤਾਂ ਤੱਕ ਪਹੁੰਚ, ਮਹਾਮਾਰੀਆਂ ਨਾਲ ਨਜਿੱਠਣ ਲਈ ਤਿਆਰੀ ਜ਼ਰੂਰੀ ਹੈ। ਬਰਲਿਨ ਵਿਚ ਹੋਏ ਵਿਸ਼ਵ ਸਿਹਤ ਸੰਮੇਲਨ ਵਿਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮੰਤਵਾਂ ਦੀ ਪੂਰਤੀ ਲਈ ਮੁੱਢਲੇ ਸਿਹਤ ਢਾਂਚੇ ਵਿਚ ਨਿਵੇਸ਼ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ 2014 ਤੋਂ ਦੱਖਣ-ਪੂਰਬ ਏਸ਼ੀਆ ਵਿਚ ਸਿਹਤ ਖੇਤਰ ਦੇ ਮਾਹਿਰਾਂ ਨੂੰ ਕਈ ਪ੍ਰੋਗਰਾਮਾਂ ਤਹਿਤ ਬਿਹਤਰ ਕੀਤਾ ਜਾ ਰਿਹਾ ਹੈ। ਇੱਥੇ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਰਮੀਆਂ ਦੀ ਗਿਣਤੀ ਵਧੀ ਹੈ। ਇਸ ਕਾਰਨ ਕੋਵਿਡ ਨਾਲ ਨਜਿੱਠਣ ਵਿਚ ਵੀ ਮਦਦ ਮਿਲੀ ਹੈ। –ਪੀਟੀਆਈ