ਸ਼ਿਕਾਗੋ, 1 ਨਵੰਬਰ
ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਗਰਫੀਲਡ ਪਾਰਕ ਇਲਾਕੇ ਵਿੱਚ ਹੈਲੋਵੀਨ ਦੀ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਤਿੰਨ ਬੱਚਿਆਂ ਸਮੇਤ 15 ਜਣੇ ਜ਼ਖ਼ਮੀ ਹੋ ਗਏ। ਸ਼ਿਕਾਗੋ ਪੁਲੀਸ ਨੇ ਇਹ ਜਾਣਕਾਰੀ ਦਿੱਤੀ। ‘ਡਬਲਿਊਐੱਲਐੱਸ-ਟੀਵੀ ਮੁਤਾਬਕ, ਸ਼ਿਕਾਗੋ ਪੁਲੀਸ ਸੁਪਰਡੈਂਟ ਡੇਵਿਡ ਬਰਾਊਨ ਨੇ ਕਿਹਾ ਕਿ ਇਸ ਘਟਨਾ ਵਿੱਚ ਤਿੰਨ ਸਾਲ, 11 ਸਾਲ ਅਤੇ 13 ਸਾਲ ਦੇ ਤਿੰਨ ਨਾਬਾਲਗ ਜ਼ਖ਼ਮੀ ਹੋ ਗਏ। ਬਾਕੀ ਪੀੜਤ ਬਾਲਗ ਹਨ, ਜਿਨ੍ਹਾਂ ਦੀ ਉਮਰ 30 ਤੋਂ 50 ਸਾਲ ਤੱਕ ਹੈ। ਇਸ ਤੋਂ ਇਲਾਵਾ ਇੱਕ ਵਿਅਕਤੀ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਜ਼ਖ਼ਮੀ ਹੋ ਗਿਆ। ਸ਼ਿਕਾਗੋ ਫਾਇਰ ਵਿਭਾਗ ਨੇ ਕਿਹਾ ਕਿ ਉਸ ਨੇ ਘਟਨਾ ਸਥਾਨ ‘ਤੇ ਘੱਟੋ ਘੱਟ ਦਸ ਐਂਬੂਲੈਂਸਾਂ ਭੇਜੀਆਂ ਸਨ। ਬਰਾਊਨ ਨੇ ਕਿਹਾ ਕਿ ਕਾਰ ਵਿੱਚ ਆਏ ਹਮਲਾਵਰਾਂ ਨੇ ਰਾਤ ਲਗਪਗ 9.30 ਵਜੇ ਗੋਲੀਬਾਰੀ ਕੀਤੀ। ਇਸ ਘਟਨਾ ਦੀ ਇੱਕ ਵੀਡੀਓ ਵੀ ਬਣਾਈ ਗਈ ਹੈ। ਪੁਲੀਸ ਵੀਡੀਓ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਵੀਡੀਓ ਵਿੱਚ ਘੱਟੋ ਘੱਟ ਦੋ ਹਮਲਾਵਰ ਦਿਖਾਈ ਦਿੱਤੇ ਹਨ। ਹਾਲਾਂਕਿ, ਹਮਲਾਵਰਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਉਹ ਭੀੜ ‘ਤੇ ਬਿਨਾਂ ਭੜਕਾਹਟ ਤੋਂ ਗੋਲੀਬਾਰੀ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਦੱਸਿਆ ਕਿ ਘਟਨਾ ਦੇ ਮਕਸਦ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ। ਨਾ ਹੀ ਅਜੇ ਤੱਕ ਕਿਸੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। -ਏਪੀ