ਇਸਲਾਮਾਬਾਦ, 6 ਨਵੰਬਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦਾ ਕਹਿਣਾ ਹੈ ਕਿ ਉਹ ਦੋ-ਤਿੰਨ ਦਿਨਾਂ ਵਿਚ ਸਿਆਸੀ ਅਖਾੜੇ ਵਿਚ ਵਾਪਸੀ ਕਰਨਗੇ। ਜ਼ਿਕਰਯੋਗ ਹੈ ਕਿ ਇਮਰਾਨ ਆਪਣੀ ਪਾਰਟੀ ਦੇ ਰੋਸ ਮਾਰਚ ਦੌਰਾਨ ਹੋਏ ਹਮਲੇ ਵਿਚ ਫੱਟੜ ਹੋ ਗਏ ਸਨ ਤੇ ਉਨ੍ਹਾਂ ਦੀ ਸਰਜਰੀ ਹੋਈ ਹੈ। ਵੀਰਵਾਰ 70 ਸਾਲਾ ਆਗੂ ਦੀ ਸੱਜੀ ਲੱਤ ਵਿਚ ਉਸ ਵੇਲੇ ਗੋਲੀ ਲੱਗੀ ਸੀ ਜਦ ਵਜ਼ੀਰਾਬਾਦ ਵਿਚ ਇਕ ਵਿਅਕਤੀ ਨੇ ਉਨ੍ਹਾਂ ਦੇ ਕੰਟੇਨਰ ਵਾਲੇ ਟਰੱਕ ਉਤੇ ਗੋਲੀਆਂ ਚਲਾ ਦਿੱਤੀਆਂ ਸਨ। ਇਮਰਾਨ ਖਾਨ ਸ਼ਾਹਬਾਜ਼ ਸ਼ਰੀਫ਼ ਸਰਕਾਰ ਖ਼ਿਲਾਫ਼ ਕੱਢੇ ਜਾ ਰਹੇ ਰੋਸ ਮਾਰਚ ਦੀ ਅਗਵਾਈ ਕਰ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਨੂੰ ਇਲਾਜ ਮਗਰੋਂ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਆਗੂ ਹਮਾਦ ਅਜ਼ਹਰ ਨੇ ਕਿਹਾ ਖਾਨ ਦੋ-ਤਿੰਨ ਦਿਨਾਂ ਵਿਚ ਰੋਸ ਮਾਰਚ ਵਿਚ ਪਰਤ ਆਉਣਗੇ। ਉਨ੍ਹਾਂ ਤੋਂ ਇਲਾਵਾ ਸਾਬਕਾ ਗ੍ਰਹਿ ਮੰਤਰੀ ਸ਼ੇਖ਼ ਰਸ਼ੀਦ ਨੇ ਵੀ ਅੱਜ ਕਿਹਾ ਕਿ ਰੋਸ ਮਾਰਚ ਆਰਜ਼ੀ ਤੌਰ ‘ਤੇ ਰੋਕਿਆ ਗਿਆ ਹੈ ਤੇ ਰੱਦ ਨਹੀਂ ਕੀਤਾ ਗਿਆ ਹੈ। ਅਜ਼ਹਰ ਨੇ ਕਿਹਾ ਕਿ ‘ਇਮਰਾਨ ਦੀ ਹੱਤਿਆ ਦੇ ਯਤਨ ਖ਼ਿਲਾਫ਼’ ਪਾਰਟੀ ਆਪਣਾ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਜਾਰੀ ਰੱਖੇਗੀ। ਪਾਰਟੀ ਆਗੂ ਨੇ ਕਿਹਾ ਕਿ ਖਾਨ ਦਾ ਹਮਲਾਵਰ ‘ਇਕ ਧਾਰਮਿਕ ਕੱਟੜਵਾਦੀ ਸੀ ਜਿਸ ਨੂੰ ਤਿਆਰ ਕਰ ਕੇ ਭੇਜਿਆ ਗਿਆ ਸੀ।’ ਹਸਪਤਾਲ ਤੋਂ ਟੀਵੀ ਉਤੇ ਦਿੱਤੇ ਭਾਸ਼ਣ ਵਿਚ ਇਮਰਾਨ ਖਾਨ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਤੇ ਮੇਜਰ ਜਨਰਲ ਫ਼ੈਸਲ ਨਸੀਰ ਉਨ੍ਹਾਂ ਦੀ ਹੱਤਿਆ ਦੀ ਸਾਜ਼ਿਸ਼ ਦਾ ਹਿੱਸਾ ਹਨ। ਇਮਰਾਨ ਨੇ ਕਿਹਾ ਕਿ ਉਨ੍ਹਾਂ ਨੂੰ ਉਸੇ ਢੰਗ ਨਾਲ ਕਤਲ ਕੀਤਾ ਜਾਣਾ ਸੀ ਜਿਵੇਂ 2011 ਵਿਚ ਪੰਜਾਬ ਦੇ ਸਾਬਕਾ ਰਾਜਪਾਲ ਸਲਮਾਨ ਤਸੀਰ ਨੂੰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਤਸੀਰ ਦੀ ਹੱਤਿਆ ਇਕ ਧਾਰਮਿਕ ਕੱਟੜਵਾਦੀ ਨੇ ਕੀਤੀ ਸੀ। ਇਸੇ ਦੌਰਾਨ ਅੱਜ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਇਮਰਾਨ ਖਾਨ ਨਾਲ ਹਸਪਤਾਲ ਵਿਚ ਮੁਲਾਕਾਤ ਕੀਤੀ। ਉਨ੍ਹਾਂ ਪੀਟੀਆਈ ਪਾਰਟੀ ਤੇ ਸ਼ਰੀਫ਼ ਸਰਕਾਰ ਵਿਚਾਲੇ ਅਹਿਮ ਮੁੱਦਿਆਂ ‘ਤੇ ਸਹਿਮਤੀ ਬਣਾਉਣ ਲਈ ‘ਵਿਚੋਲਗੀ’ ਦੀ ਪੇਸ਼ਕਸ਼ ਵੀ ਕੀਤੀ ਹੈ। -ਪੀਟੀਆਈ
ਐਫਆਈਆਰ ‘ਤੇ ਪੀਟੀਆਈ ਅਤੇ ਸਰਕਾਰ ਵਿਚਾਲੇ ਵਿਵਾਦ
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਪਾਕਿਸਤਾਨ ਦੇ ਚੀਫ ਜਸਟਿਸ ਉਮਰ ਅਤਾ ਬੰਡਿਆਲ ਨੂੰ ਬੇਨਤੀ ਕੀਤੀ ਕਿ ਉਹ ਇਮਰਾਨ ਖਾਨ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਲਈ ਪੂਰੇ ਕੋਰਟ ਕਮਿਸ਼ਨ ਦਾ ਗਠਨ ਕਰਨ। ਸ਼ਰੀਫ਼ ਨੇ ਕਿਹਾ ਕਿ ਨਿਆਂ ਦੇ ਅਧਾਰ ਉਤੇ ਤੁਰੰਤ ਫ਼ੈਸਲਾ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੱਚ ਸਾਹਮਣੇ ਆਉਣ ‘ਤੇ ਹੀ ਇਸ ਸਾਰੇ ਰੌਲੇ-ਰੱਪੇ ਦਾ ਅੰਤ ਹੋ ਸਕੇਗਾ। ਇਸ ਮਾਮਲੇ ਵਿਚ ਹੁਣ ਤੱਕ ਪੰਜਾਬ ਸੂਬੇ ਦੀ ਪੁਲੀਸ ਨੇ ਤਿੰਨ ਜਣਿਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਪੀਟੀਆਈ ਤੋਂ ਐਫਆਈਆਰ ਲਈ ਕੋਈ ਅਰਜ਼ੀ ਨਹੀਂ ਮਿਲੀ ਹੈ ਜਦਕਿ ਪਾਰਟੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਸ਼ਿਕਾਇਤ ਦਿੱਤੀ ਹੈ। ਇਮਰਾਨ ਨੇ ਦੋਸ਼ ਲਾਇਆ ਹੈ ਕਿ ਐਫਆਈਆਰ ਨਹੀਂ ਹੋ ਰਹੀ ਕਿਉਂਕਿ ਕੁਝ ਲੋਕ ਨਾਂ ਦਰਜ ਹੋਣ ਤੋਂ ਡਰੇ ਹੋਏ ਹਨ। -ਪੀਟੀਆਈ