ਊਨਾ(ਹਿਮਾਚਲ ਪ੍ਰਦੇਸ਼), 7 ਨਵੰਬਰ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਪਿਛਲੇ ਪੰਜ ਸਾਲਾਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਹੈ, ਪਰ ਸ਼ਾਇਦ ਉਹ ਇੰਜਣ ਵਿੱਚ ਤੇਲ ਪਾਉਣਾ ਭੁੱਲ ਗਏ। ਪ੍ਰਿਯੰਕਾ ਨੇ ਅਸੈਂਬਲੀ ਚੋਣਾਂ ਤੋਂ ਪਹਿਲਾਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੱਤਾਧਾਰੀ ਪਾਰਟੀ ਨੂੰ ਬੇਰੁਜ਼ਗਾਰੀ ਤੇ ਪੁਰਾਣੀ ਪੈਨਸ਼ਨ ਸਕੀਮ ਜਿਹੇ ਮੁੱਦਿਆਂ ‘ਤੇ ਘੇਰਿਆ। ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਕਸਰ ਕੀਤੀ ਜਾਂਦੀ ਇਹ ਟਿੱਪਣੀ ਕਿ ਵਾਰ ਵਾਰ ਦਵਾਈਆਂ ਬਦਲਣ ਨਾਲ ਰੋਗ ਦੇ ਉਪਚਾਰ ‘ਚ ਮਦਦ ਨਹੀਂ ਮਿਲਦੀ, ਦੇ ਹਵਾਲੇ ਨਾਲ ਕਿਹਾ ਕਿ ਲੋਕਾਂ ਨੂੰ ਦੱਸਿਆ ਜਾ ਰਿਹੈ ਕਿ ਉਹ ਬਿਮਾਰ ਹਨ ਤੇ ਪੁਰਾਣੀ ਦਵਾਈ ਲੈਣੀ ਜਾਰੀ ਰੱਖਣ। ਗਾਂਧੀ ਨੇ ਕਿਹਾ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਈ ਤਾਂ ਪਹਿਲੀ ਕੈਬਨਿਟ ਮੀਟਿੰਗ ਵਿੱਚ ਸੂਬੇ ਦੇ ਲੋਕਾਂ ਲਈ ਇਕ ਲੱਖ ਨੌਕਰੀਆਂ ਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਫੈਸਲਿਆਂ ਨੂੰ ਮਨਜ਼ੂਰੀ ਦੇਵੇਗੀ। ਗਾਂਧੀ ਨੇ ਕਿਹਾ, ”ਚੋਣਾਂ ਹਰ ਪੰਜ ਸਾਲ ਬਾਅਦ ਆਉਂਦੀਆਂ ਹਨ, ਤੇ ਇਸ ਵਿੱਚ ਕੋਈ ਵੱਡੀ ਗੱਲ ਨਹੀਂ। ਪਰ ਇਹ ਚੋਣਾਂ ਤੁਹਾਡੇ ਭਵਿੱਖ ਦਾ ਫੈਸਲਾ ਕਰਨਗੀਆਂ।” -ਪੀਟੀਆਈ