ਨਵੀਂ ਦਿੱਲੀ, 8 ਨਵੰਬਰ
ਜੰਮੂ-ਕਸ਼ਮੀਰ ਵਿੱਚ ਸਬ-ਇੰਸਪੈਕਟਰਾਂ ਦੇ ਭਰਤੀ ਘਪਲੇ ਦੀ ਜਾਂਚ ਦੌਰਾਨ ਸੀਬੀਆਈ ਨੇ ਇਸ ਘਪਲੇ ਦੇ ਮੁੱਖ ਸਾਜ਼ਿਸ਼ਘੜਤਾ ਯਤਿਨ ਯਾਦਵ ਤੇ ਸੀਆਰਪੀਐੱਫ ਦੇ ਕਾਂਸਟੇਬਲ ਸੁਰੇਂਦਰ ਸਿੰਘ ਤੇ ਇਸ ਕੇਸ ਨਾਲ ਸਬੰਧਤ ਹੋਰਨਾਂ ਵਿਅਕਤੀਆਂ ਦੇ ਅਦਾਰਿਆਂ ਵਿੱਚ ਅੱਜ ਤਲਾਸ਼ੀ ਮੁਹਿੰਮ ਚਲਾਈ। ਇਹ ਤਲਾਸ਼ੀ ਮੁਹਿੰਮ ਜੰਮੂ, ਪਠਾਨਕੋਟ, ਰੇਵਾੜੀ ਤੇ ਕਰਨਾਲ ਵਿੱਚ ਸੱਤ ਥਾਈਂ ਚਲਾਈ ਗਈ। ਇਸ ਘਪਲੇ ਦੇ ਸਬੰਧ ਵਿੱਚ ਸੀਬੀਆਈ ਨੇ ਜੰਮੂ-ਕਸ਼ਮੀਰ ਸਰਕਾਰ ਵੱਲੋਂ ਕੀਤੀ ਗਈ ਬੇਨਤੀ ਦੇ ਆਧਾਰ ‘ਤੇ ਅਗਸਤ ਮਹੀਨੇ ਵਿੱਚ ਕੇਸ ਦਰਜ ਕੀਤਾ ਸੀ ਅਤੇ ਜੰਮੂ-ਕਸ਼ਮੀਰ ਸਰਵਿਸਿਜ਼ ਸਿਲੈਕਸ਼ਨ ਬੋਰਡ ਵੱਲੋਂ ਲਈ ਗਈ ਲਿਖਤੀ ਪ੍ਰੀਖਿਆ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਦੀ ਜਾਂਚ ਸ਼ੁਰੂ ਕੀਤੀ ਸੀ। ਇਹ ਪ੍ਰੀਖਿਆ ਸੂਬੇ ਵਿੱਚ 1200 ਸਬ-ਇਸਪੈਕਟਰਾਂ ਦੀ ਭਰਤੀ ਲਈ ਮਾਰਚ 2022 ਵਿੱਚ ਲਈ ਗਈ ਸੀ ਤੇ ਜੂਨ ਮਹੀਨੇ ਵਿੱਚ ਨਤੀਜਾ ਐਲਾਨਿਆ ਗਿਆ ਸੀ। ਸੀਬੀਆਈ ਨੇ ਇਸ ਘਪਲੇ ਦੀ 3 ਅਗਸਤ ਨੂੰ ਜਾਂਚ ਸ਼ੁਰੂ ਕੀਤੀ ਸੀ ਤੇ ਹੁਣ ਤਕ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚ ਯਤਿਨ ਯਾਦਵ ਤੇ ਕਾਂਸਟੇਬਲ ਸੁਰੇਂਦਰ ਸ਼ਰਮਾ ਵੀ ਸ਼ਾਮਲ ਹਨ। -ਪੀਟੀਆਈ