ਵਾਸ਼ਿੰਗਟਨ, 9 ਨਵੰਬਰ
ਭਾਰਤੀ ਵਿਦੇਸ਼ ਸਕੱਤਰ ਵਿਨੈ ਕਵਾਤੜਾ ਨੇ ਅਮਰੀਕਾ ਦੇ ਰੱਖਿਆ ਨੀਤੀਆਂ ਨਾਲ ਸਬੰਧਤ ਮਾਮਲਿਆਂ ਦੇ ਅਧੀਨ ਸਕੱਤਰ ਕੌਲਿਨ ਕਾਹਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਅਧਿਕਾਰੀਆਂ ਨੇ ਦੁਵੱਲੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ‘ਭਾਰਤ-ਅਮਰੀਕਾ ਮੁੱਖ ਰੱਖਿਆ ਭਾਈਵਾਲੀ’ ਦੇ ਮਹੱਤਵ ‘ਤੇ ਵੀ ਰੋਸ਼ਨੀ ਪਾਈ, ਜਿਸ ਨੇ ਭਾਰਤ-ਪ੍ਰਸ਼ਾਂਤ ਖੇਤਰ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕੀਤੀ ਹੈ। ਕਵਾਤੜਾ ਇਸ ਸਮੇਂ ਅਮਰੀਕਾ ਦੇ ਸਰਕਾਰੀ ਦੌਰੇ ‘ਤੇ ਹਨ। ਉਨ੍ਹਾਂ ਸੋਮਵਾਰ ਨੂੰ ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਨਾਲ ਮੁਲਾਕਾਤ ਕਰਦਿਆਂ ਭਾਰਤ-ਅਮਰੀਕੀ ਸਬੰਧਾਂ ਅਤੇ ਉਨ੍ਹਾਂ ਦੇ ਦੁਵੱਲੇ ਸੁਰੱਖਿਆ ਅਤੇ ਖੇਤਰੀ ਸਹਿਯੋਗ ਨੂੰ ਅੱਗੇ ਵਧਾਉਣ ਦੇ ਤਰੀਕਿਆਂ ਤੋਂ ਇਲਾਵਾ ਹਿੰਦ-ਪ੍ਰਸ਼ਾਂਤ ਖੇਤਰ ਤੇ ਯੂਕਰੇਨ ਦੀ ਸਥਿਤੀ ‘ਤੇ ਚਰਚਾ ਕੀਤੀ ਸੀ। ਮੰਗਲਵਾਰ ਨੂੰ ਹੋਈ ਮੀਟਿੰਗ ਦੌਰਾਨ ਕਾਹਲ ਅਤੇ ਕਵਾਤੜਾ ਨੇ ਨਵੀਂ ਦਿੱਲੀ ਵਿੱਚ ਅਗਲੀ 2+2 ਮੰਤਰੀ ਪੱਧਰੀ ਮੀਟਿੰਗ ਤੋਂ ਪਹਿਲਾਂ ਦੁਵੱਲੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਦੀਆਂ ਪਹਿਲਕਦਮੀਆਂ ਬਾਰੇ ਗੱਲਬਾਤ ਕੀਤੀ। ਕਾਹਲ ਨੇ ਟਵੀਟ ਕੀਤਾ, ”ਅੱਜ ਦੁਪਹਿਰ ਭਾਰਤੀ ਵਿਦੇਸ਼ ਸਕੱਤਰ ਵਿਨੈ ਕਵਾਤੜਾ ਨਾਲ ਮੁਲਾਕਾਤ ਕਰਕੇ ਚੰਗਾ ਲੱਗਾ। ਇਸ ਦੌਰਾਨ ਅਸੀਂ ਕਈ ਦੁਵੱਲੀਆਂ ਪਹਿਲਕਦਮੀਆਂ ‘ਤੇ ਚਰਚਾ ਕੀਤੀ।” ਪੈਂਟਾਗਨ ਦੇ ਬੁਲਾਰੇ ਲੈਫਟੀਨੈਂਟ ਕਰਨਲ ਡੇਵਿਡ ਹੇਰੰਡਨ ਨੇ ਕਿਹਾ, ”ਦੋਵਾਂ ਆਗੂਆਂ ਨੇ ਹਿੰਦ ਮਹਾਸਾਗਰ ਖੇਤਰ ਅਤੇ ਯੂਰਪ ਸਮੇਤ ਆਪਸੀ ਸੁਰੱਖਿਆ ਹਿੱਤਾਂ ਨਾਲ ਸਬੰਧਤ ਵਿਕਾਸ ‘ਤੇ ਵਿਚਾਰ ਸਾਂਝੇ ਕੀਤੇ।” -ਪੀਟੀਆਈ