ਬਾਲੀ, 15 ਨਵੰਬਰ
ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਵੱਲੋਂ ਜੀ20 ਡੈਲੀਗੇਟਸ ਨੂੰ ਦਿੱਤੀ ਰਾਤ ਦੀ ਦਾਅਵਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਰਸਮੀ ਦੁਆ ਸਲਾਮ ਹੋਈ। ਦੋਵਾਂ ਆਗੂਆਂ ਨੇ ਇੱਕ ਦੂਜੇ ਨਾਲ ਹੱਥ ਮਿਲਾਏ। ਜੀ-20 ਸਿਖਰ ਵਾਰਤਾ ਲਈ ਇੰਡੋਨੇਸ਼ੀਆ ਦੇ ਰਿਜ਼ੌਰਟ ਟਾਪੂ ਪੁੱਜੇ ਦੋਵਾਂ ਆਗੂਆਂ ਦਰਮਿਆਨ ਮੁੱਖ ਸਮਾਗਮ ਤੋਂ ਇਕ ਪਾਸੇ ਦੁਵੱਲੀ ਮੀਟਿੰਗ ਹੋਣ ਦੀ ਚੁੰਝ ਚਰਚਾ ਜ਼ਰੂਰ ਹੈ, ਪਰ ਅਜੇ ਤੱਕ ਦੋਵਾਂ ਧਿਰਾਂ ਨੇ ਆਪੋ-ਆਪਣੇ ਏਜੰਡੇ ਵਿੱਚ ਅਜਿਹੇ ਕਿਸੇ ਰੁਝੇਵੇਂ ਦਾ ਜ਼ਿਕਰ ਨਹੀਂ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਸ਼ੀ ਸਤੰਬਰ ਮਹੀਨੇ ਉਜ਼ਬੇਕਿਸਤਾਨ ਦੇ ਸ਼ਹਿਰ ਸਮਰਕੰਦ ਵਿੱਚ ਸ਼ੰਘਾਈ ਸਹਿਯੋਗ ਸੰਸਥਾ (ਐੱਸਸੀਓ) ਦੀ ਸਾਲਾਨਾ ਮੀਟਿੰਗ ‘ਚ ਇਕ ਦੂਜੇ ਦੇ ਆਹਮੋ ਸਾਹਮਣੇ ਹੋੲੇ ਸਨ। ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਤਲਖੀ ਅਜੇ ਵੀ ਬਰਕਰਾਰ ਹੈ। -ਪੀਟੀਆਈ