ਵਾਸ਼ਿੰਗਟਨ, 18 ਨਵੰਬਰ
ਅਮਰੀਕੀ ਕਾਂਗਰਸ ਦੇ ਇਕ ਮੈਂਬਰ ਨੇ 1984 ‘ਚ ਵਾਪਰੇ ਸਿੱਖ-ਵਿਰੋਧੀ ਦੰਗਿਆਂ ਦੇ ਪੀੜਤਾਂ ਨਾਲ ਇਕਜੁੱਟਤਾ ਜ਼ਾਹਿਰ ਕੀਤੀ ਹੈ। ਇਨ੍ਹਾਂ ਵਿਚੋਂ ਕਈਆਂ ਨੇ ਅਮਰੀਕਾ ਵਿਚ ਸ਼ਰਨ ਲਈ ਸੀ। ਕਾਂਗਰਸ (ਅਮਰੀਕੀ ਸੰਸਦ) ਮੈਂਬਰ ਡੌਨਲਡ ਨੌਰਕਰੌਸ ਨੇ ਪ੍ਰਤੀਨਿਧੀ ਸਭਾ ਵਿਚ ਕਿਹਾ, ‘1984 ਵਿਚ ਇਕ ਨਵੰਬਰ ਤੋਂ ਤਿੰਨ ਨਵੰਬਰ ਵਿਚਾਲੇ ਇਸ ਬਿਨਾਂ ਮਤਲਬ ਦੀ ਹਿੰਸਾ ਵਿਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਤੇ ਸਾਊਥ ਜਰਸੀ ਵਿਚ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਲੋਕਾਂ ਦੇ ਸਨਮਾਨ ਵਿਚ, ਮੈਂ ਸਿੱਖ ਭਰਾਵਾਂ ਤੇ ਭੈਣਾਂ ਪ੍ਰਤੀ ਇਕਜੁੱਟਤਾ ਜ਼ਾਹਿਰ ਕਰਦਾ ਹਾਂ।’ ਉਨ੍ਹਾਂ ਕਿਹਾ, ‘ਮੈਂ ਸਾਊਥ ਜਰਸੀ ਵਿਚ ਸਿੱਖ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟ ਕਰਦਾ ਹਾਂ। ਭਾਰਤ ਵਿਚ ਤਿੰਨ ਦਿਨ ਤੋਂ ਵੱਧ ਸਮੇਂ ਤੱਕ ਚੱਲੇ ਸਿੱਖ ਵਿਰੋਧੀ ਦੰਗਿਆਂ ‘ਚ ਸਿੱਖਾਂ ਦੀ ਨਸਲਕੁਸ਼ੀ ਦੀ ਘਟਨਾ ਨੂੰ ਇਸ ਮਹੀਨੇ 38 ਸਾਲ ਹੋ ਗਏ ਹਨ।’ ਪ੍ਰਤੀਨਿਧੀ ਸਭਾ ਦੇ ਮੈਂਬਰ ਨੇ ਕਿਹਾ, ‘ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਇਹ ਨਸਲਕੁਸ਼ੀ ਕੀਤੀ ਗਈ। ਸਮੂਹਿਕ ਜਬਰ-ਜਨਾਹ ਤੇ ਕੁੱਟ-ਕੁੱਟ ਕੇ ਮਾਰਨ ਦੀਆਂ ਕਈ ਘਟਨਾਵਾਂ ਵਾਪਰੀਆਂ। ਸਿੱਖਾਂ ਦੇ ਘਰਾਂ ਤੇ ਉਨ੍ਹਾਂ ਦੇ ਕਾਰੋਬਾਰਾਂ ਨੂੰ ਤਬਾਹ ਕਰ ਦਿੱਤਾ ਗਿਆ। ਸਿਰਫ਼ ਉਨ੍ਹਾਂ ਦੀ ਆਸਥਾ ਤੇ ਉਨ੍ਹਾਂ ਦੇ ਧਰਮ ਦੇ ਕਾਰਨ ਉਨ੍ਹਾਂ ਦੀ ਹੱਤਿਆ ਹੋ ਗਈ।’ ਨੌਰਕਰੌਸ ਨੇ ਕਿਹਾ, ‘ਇਸ ਨਸਲਕੁਸ਼ੀ ਤੋਂ ਬਾਅਦ ਕੁੱਝ ਸਿੱਖਾਂ ਨੇ ਭਾਰਤ ਤੋਂ ਨਿਕਲਣਾ ਬਿਹਤਰ ਸਮਝਿਆ। ਇਨ੍ਹਾਂ ਵਿਚੋਂ ਕਈ ਹੁਣ ਸਾਊਥ ਜਰਸੀ ਨੂੰ ਆਪਣਾ ਘਰ ਸਮਝਦੇ ਹਨ। ਉਨ੍ਹਾਂ ਨੇ ਸਾਡੇ ਖੇਤਰ ਨੂੰ ਵਿਦਿਅਕ, ਆਰਥਿਕ, ਧਾਰਮਿਕ ਤੇ ਸਭਿਆਚਾਰ ਰੂਪ ‘ਚ ਖ਼ੁਸ਼ਹਾਲ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। -ਪੀਟੀਆਈ