ਇਸਲਾਮਾਬਾਦ, 21 ਨਵੰਬਰ
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐੱਨ) ਦਾ ਤਰਜਮਾਨ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਚੇਅਰਮੈਨ ਇਮਰਾਨ ਖਾਨ ‘ਤੇ ਹਮਲੇ ਅਤੇ ਪੱਤਰਕਾਰ ਅਰਸ਼ਦ ਸ਼ਰੀਫ ਦੇ ਕਤਲ ਦੀ ਸਾਜ਼ਿਸ਼ ਲੰਡਨ ਵਿੱਚ ਰਚੀ ਗਈ ਸੀ। ਇਹ ਖੁਲਾਸਾ ਇੱਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ। ਇੱਕ ਨਿੱਜੀ ਟੀਵੀ ਚੈਨਲ ਅਨੁਸਾਰ ਤਸਨੀਮ ਹੈਦਰ ਸ਼ਾਹ, ਜਿਸ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਪੀਐੱਮਐੱਲ-ਐੱਨ ਨਾਲ ਜੁੜਿਆ ਹੋਇਆ ਸੀ, ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੀਐੱਮਐੱਲ-ਐੱਨ ਮੁਖੀ ਨਵਾਜ਼ ਸ਼ਰੀਫ ਦੇ ਬੇਟੇ ਹਸਨ ਨਵਾਜ਼ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਉਸ ਦੀਆਂ ਤਿੰਨ ਮੀਟਿੰਗਾਂ ਹੋਈਆਂ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਖਬਰ ਮੁਤਾਬਕ ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਪੱਤਰਕਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਲਈ ਬੁਲਾਇਆ ਗਿਆ ਸੀ। ਸ਼ਾਹ ਮੁਤਾਬਕ ਪਹਿਲੀ ਮੀਟਿੰਗ 8 ਜੁਲਾਈ ਨੂੰ, ਦੂੁਜੀ 20 ਸਤੰਬਰ ਅਤੇ ਤੀਜੀ 29 ਅਕਤੂਬਰ ਨੂੰ ਹੋਈ। ਉਸ ਨੇ ਦੱਸਿਆ ਕਿ ਉਸ ਨੂੰ ਕਿਹਾ ਗਿਆ ਸੀ ਕਿ ਨਵੇਂ ਸੈਨਾ ਮੁਖੀ ਦੀ ਨਿਯੁਕਤੀ ਤੋਂ ਪਹਿਲਾਂ ਅਰਸ਼ਦ ਸ਼ਰੀਫ ਅਤੇ ਖਾਨ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਸ਼ਾਹ ਨੇ ਦੋਸ਼ ਲਾਇਆ ਕਿ ਨਵਾਜ਼ ਸ਼ਰੀਫ਼ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਉਹ ਸ਼ੂਟਰ ਮੁਹੱਈਆ ਕਰਵਾ ਸਕਦਾ ਹੈ ਤਾਂ ਉਹ (ਪੀਐੱਮਐੱਲ-ਐੱਨ) ਵਜ਼ੀਰਾਬਾਦ ਵਿੱਚ ਜਗ੍ਹਾ ਦੇਣਗੇ ਅਤੇ ਦੋਸ਼ ਪੰਜਾਬ ਸਰਕਾਰ ‘ਤੇ ਲੱਗੇਗਾ। ਹਾਲਾਂਕਿ, ਸ਼ਾਹ ਨੇ ਕਿਹਾ ਕਿ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ‘ਐਕਸਪ੍ਰੈੱਸ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਸ਼ਾਹ ਨੇ ਇਹ ਵੀ ਕਿਹਾ ਕਿ ਸਾਜ਼ਿਸ਼ ਦੀ ਸੂਚਨਾ ਬਰਤਾਨਵੀ ਪੁਲੀਸ ਨੂੰ ਦਿੱਤੀ ਗਈ ਸੀ। ਹਾਲਾਂਕਿ ਦੂਜੇ ਪਾਸੇ ਪੀਐੱਮਐੱਲ-ਐੱਨ ਨੇ ਆਪਣੀ ਤਰਜਮਾਨ ਅਤੇ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਦੇ ਹਵਾਲੇ ਨਾਲ ਇਹ ਕਹਿ ਕੇ ਦੋਸ਼ਾਂ ਦਾ ਖੰਡਨ ਕੀਤਾ ਕਿ ਸ਼ਾਹ ਦਾ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਜਬਰਦਸਤੀ ਪੀਐੱਮਐਲ-ਐੱਨ ਦਾ ਤਰਜਮਾਨ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਆਈਏਐੈੱਨਐੈੱਸ