ਗੁਹਾਟੀ, 22 ਨਵੰਬਰ
ਅਸਾਮ-ਮੇਘਾਲਿਆ ਸਰਹੱਦ ‘ਤੇ ਅੱਜ ਤੜਕੇ ਪੁਲੀਸ ਵੱਲੋਂ ਲੱਕੜ ਲੈ ਕੇ ਜਾ ਰਹੇ ਟਰੱਕ ਨੂੰ ਰੋਕਣ ਤੋਂ ਬਾਅਦ ਭੜਕੀ ਹਿੰਸਾ ਵਿੱਚ ਜੰਗਲਾਤ ਕਰਮਚਾਰੀ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ। ਪੱਛਮੀ ਕਾਰਬੀ ਐਂਗਲੌਂਗ ਦੇ ਪੁਲੀਸ ਸੁਪਰਡੈਂਟ ਇਮਦਾਦ ਅਲੀ ਨੇ ਦੱਸਿਆ ਕਿ ਟਰੱਕ ਨੂੰ ਆਸਾਮ ਜੰਗਲਾਤ ਵਿਭਾਗ ਦੀ ਟੀਮ ਨੇ ਮੇਘਾਲਿਆ ਸਰਹੱਦ ‘ਤੇ ਸਵੇਰੇ 3 ਵਜੇ ਦੇ ਕਰੀਬ ਰੋਕਿਆ। ਉਨ੍ਹਾਂ ਦੱਸਿਆ ਕਿ ਜਦੋਂ ਟਰੱਕ ਨਾ ਰੁਕਿਆ ਤਾਂ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਉਸ ‘ਤੇ ਗੋਲੀ ਚਲਾ ਦਿੱਤੀ ਅਤੇ ਇਸ ਦਾ ਟਾਇਰ ਪੰਕਚਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਡਰਾਈਵਰ, ਉਸ ਦੇ ਸਹਾਇਕ ਅਤੇ ਇੱਕ ਹੋਰ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ, ਜਦਕਿ ਇੱਕ ਹੋਰ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਿਆ। ਅਲੀ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਘਟਨਾ ਦੀ ਸੂਚਨਾ ਥਾਣੇ ਦੇ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਪੁਲੀਸ ਮੌਕੇ ‘ਤੇ ਪਹੁੰਚ ਗਈ। ਇਸ ਤੋਂ ਬਾਅਦ ਮੌਕੇ ‘ਤੇ ਭੀੜ ਇਕੱਠੀ ਹੋ ਗਈ ਅਤੇ ਗ੍ਰਿਫਤਾਰ ਲੋਕਾਂ ਦੀ ਰਿਹਾਈ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲੀਸ ਨੇ ਗੋਲੀ ਚਲਾ ਦਿੱਤੀ। ਇਸ ਦੌਰਾਨ ਮੇਘਾਲਿਆਂ ਦੇ 7 ਜ਼ਿਲ੍ਹਿਆਂ ‘ਚ ਮੋਬਾਈਲ ਇੰਟਰਨੈੱਟ ਸੇਵਾਵਾਂ ਜਾਮ ਕਰ ਦਿੱਤੀਆਂ ਗਈਆਂ ਹਨ।