ਕੋਹਿਮਾ, 23 ਨਵੰਬਰ
ਨਾਗਾਲੈਂਡ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੇ ਜਵਾਨ ਨੇ ਪੇਰੇਨ ਜ਼ਿਲ੍ਹੇ ਦੇ ਜਾਲੂਕੀ ਵਿੱਚ ਆਪਣੇ ਦੋ ਸਾਥੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਮ੍ਰਿਤਕਾਂ ਵਿੱਚ ਐੱਸਟੀਐੱਫ ਦਾ ਜਵਾਨ ਅਤੇ ਨਾਗਾਲੈਂਡ ਹਥਿਆਰਬੰਦ ਪੁਲੀਸ ਦੀ 10ਵੀਂ ਇੰਡੀਅਨ ਰਿਜ਼ਰਵ ਬਟਾਲੀਅਨ ਦਾ ਮੁਲਾਜ਼ਮ ਸ਼ਾਮਲ ਹੈ। ਇਹ ਘਟਨਾ ਮੰਗਲਵਾਰ ਰਾਤ ਨੂੰ ਲਗਪਗ 8.30 ਵਜੇ ਉਸ ਸਮੇਂ ਵਾਪਰੀ, ਜਦੋਂ ਉਹ ਡਿਊਟੀ ‘ਤੇ ਤਾਇਨਾਤ ਸਨ। ਪੁਲੀਸ ਨੇ ਇਸ ਜਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਘਟਨਾ ਮਗਰੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਐੱਸਟੀਐੱਫ ਦੇ ਲਾਂਸ ਨਾਇਕ ਜ਼ੈਵਾਂਗਬਾ ਯਿਮਖਿਊਂਗ ਅਤੇ 10ਵੀਂ ਇੰਡੀਅਨ ਰਿਜ਼ਰਵ ਬਟਾਲੀਅਨ ਦੇ ਕਾਂਸਟੇਬਲ ਕੇਵੀਸੇਖੋ ਖਾਟੇ ਵਜੋਂ ਹੋਈ ਹੈ। ਪੁਲੀਸ ਨੇ ਕਿਹਾ ਕਿ ਹੱਤਿਆ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। –ਪੀਟੀਆਈ