ਕੈਨਬਰਾ, 28 ਨਵੰਬਰ
ਆਸਟਰੇਲੀਆ ਵਿੱਚ 2014 ਤੋਂ ਬਾਅਦ ਪਹਿਲੀ ਵਾਰ ਅਤਿਵਾਦ ਦੇ ਖਤਰੇ ਦਾ ਪੱਧਰ ਘੱਟ ਕਰਾਰ ਦਿੱਤਾ ਗਿਆ ਹੈ। ਦੇਸ਼ ਦੀ ਮੁੱਖ ਜਾਸੂਸੀ ਏਜੰਸੀ ਨੇ ਅੱਜ ਇਹ ਜਾਣਕਾਰੀ ਦਿੱਤੀ। ਆਸਟਰੇਲੀਆ ਦੀ ਸੁਰੱਖਿਆ ਖੁਫੀਆ ਸੰਸਥਾ ਦੇ ਡਾਇਰੈਕਟਰ ਜਨਰਲ ਮਾਈਕ ਬਰਗੇਸ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਹੋਏ ਸੰਘਰਸ਼ ‘ਚ ਇਸਲਾਮਿਕ ਸਟੇਟ ਸਮੂਹ ਦੀ ਹਾਰ ਅਤੇ ਅਲ-ਕਾਇਦਾ ਦੇ ਗੈਰ-ਪ੍ਰਭਾਵੀ ਪ੍ਰਚਾਰ ਕਾਰਨ ਪੱਛਮੀ ਦੇਸ਼ਾਂ ਦੇ ਨੌਜਵਾਨਾਂ ਨੂੰ ਅਤਿਵਾਦ ਨਾਲ ਜੋੜਨ ‘ਚ ਨਾਕਾਮੀ, ਇਸ ਦੇ ਖਤਰੇ ਨੂੰ ਘੱਟ ਕਰਨ ਦੀ ਵਜ੍ਹਾ ਬਣੀ ਹੈ। ਇਸ ਕਰ ਕੇ ਆਸਟਰੇਲੀਆ ਵਿੱਚ ਕੱਟੜਪੰਥੀਆਂ ਦੀ ਗਿਣਤੀ ਵਧੀ ਹੈ। ਬਰਗੇਸ ਨੇ ਕਿਹਾ, ”ਇਸ ਦਾ ਇਹ ਮਤਲਬ ਨਹੀਂ ਹੈ ਕਿ ਖਤਰਾ ਘੱਟ ਗਿਆ ਹੈ। ਹੁਣ ਵੀ ਇਸ ਗੱਲ ਦੀ ਸੰਭਾਵਨਾ ਬਣੀ ਹੋਈ ਹੈ ਕਿ ਅਗਲੇ ਇਕ ਸਾਲ ਦੇ ਅੰਦਰ ਆਸਟਰੇਲੀਆ ਵਿੱਚ ਕੋਈ ਵਿਅਕਤੀ ਕਿਸੇ ਅਤਿਵਾਦੀ ਹੱਥੋਂ ਮਾਰਿਆ ਜਾਵੇਗਾ।” ਉਨ੍ਹਾਂ ਕਿਹਾ, ”ਹਾਲਾਂਕਿ ਆਸਟਰੇਲੀਆ ਵਿੱਚ ਲੰਘੇ ਕੁਝ ਸਾਲਾਂ ਵਿੱਚ ਕੱਟੜ ਰਾਸ਼ਟਰਵਾਦ ਤੇ ਸੱਜੇ ਪੱਖੀ ਕੱਟੜਪੰਥੀ ਵਿਚਾਰਧਾਰਾ ਵਧੀ ਹੈ।” ਉਨ੍ਹਾਂ ਕਿਹਾ ਕਿ 2014 ਵਿੱਚ ਦੇਸ਼ ਵਿੱਚ ਅਤਿਵਾਦ ਦੇ ਖ਼ਤਰੇ ਦੇ ਪੱਧਰ ਨੂੰ ਵਧਾਉਣ ਦੇ ਬਾਅਦ ਤੋਂ 11 ਅਤਿਵਾਦੀ ਹਮਲੇ ਹੋਏ ਅਤੇ 21 ਅਤਿਵਾਦੀ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਗਿਆ। -ਏਪੀ