ਧਰਮਸ਼ਾਲਾ, 14 ਦਸੰਬਰ
ਚੀਨ ਵਿੱਚ ਲੌਕਡਾਊਨ ਵਿਰੋਧੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਦੇ ਦੋਸ਼ ਹੇਠ ਚੀਨੀ ਪੁਲੀਸ ਨੇ ਚਾਰ ਤਿੱਬਤੀ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਿਰਾਸਤ ਵਿੱਚ ਲਈਆਂ ਗਈਆਂ ਲੜਕੀਆਂ ਚੇਂਗਦੂ ਸ਼ਹਿਰ ਦੇ ਜਿਨੀਯੂ ਜ਼ਿਲ੍ਹੇ ਵਿੱਚ ਇੱਕ ਹੋਟਲ ਵਿੱਚ ਕੰਮ ਕਰਦੀਆਂ ਸਨ। ਤਿੱਬਤ ਪੋਸਟ ਦੇ ਹਵਾਲੇ ਨਾਲ ਇੱਕ ਸੂਤਰ ਨੇ ਕਿਹਾ, ”5 ਦਸੰਬਰ ਨੂੰ ਸਿਚੁਆਨ ਦੀ ਰਾਜਧਾਨੀ ਚੇਂਗਦੂ ਵਿੱਚ ਜ਼ੀਰੋ ਕੋਵਿਡ ਨੀਤੀ ਖ਼ਿਲਾਫ਼ ਇੱਕ ਸ਼ਾਂਤਮਈ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦੇ ਦੋਸ਼ ਹੇਠ ਚੀਨੀ ਪੁਲੀਸ ਨੇ ਚਾਰ ਤਿੱਬਤੀ ਔਰਤਾਂ ਜ਼ਮਕਾਰ, ਡੇਚੇਨ, ਕਲਸਾਂਗ ਡੋਲਮਾ ਅਤੇ ਡੇਲਹਾ ਨੂੰ ਗ੍ਰਿਫਤਾਰ ਕੀਤਾ ਹੈ।” ਉਨ੍ਹਾਂ ਦੱਸਿਆ ਕਿ ਜ਼ਮਕਾਰ ਡਾਰਟਸੇਡੋ ਦੇ ਸੇਰਲੌਂਗ ਪਿੰਡ ਦੀ ਰਹਿਣ ਵਾਲੀ ਹੈ ਅਤੇ ਕਲਸਾਂਗ, ਡੋਲਮਾ ਤੇ ਡੇਲਹਾ ਡਾਰਟਸੇਡੋ ਕਾਊਂਟੀ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਹ ਲੜਕੀਆਂ ਇੱਕੋ ਹਾਈ ਸਕੂਲ ਵਿੱਚ ਪੜ੍ਹਦੀਆਂ ਸਨ ਅਤੇ ਚੇਂਗਦੂ ਸ਼ਹਿਰ ਵਿੱਚ ਕੰਮ ਕਰਦੀਆਂ ਸਨ। -ਏਐੱਨਆਈ