ਲੰਡਨ, 20 ਦਸੰਬਰ
ਬਰਤਾਨੀਆ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਇੱਕ ਕਾਲਮਨਵੀਸ ਵੱਲੋਂ ਪ੍ਰਿੰਸ ਹੈਰੀ ਦੀ ਪਤਨੀ ਅਫਰੀਕੀ-ਅਮਰੀਕੀ ਮੂਲ ਦੀ ਮੇਘਨ ਮਰਕਲ ‘ਤੇ ਕੀਤੀਆਂ ਗਈਆਂ ਵਿਵਾਦਤ ਟਿੱਪਣੀਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਸਬੰਧੀ ਕਿਹਾ ਕਿ ਉਹ ਨਹੀਂ ਮੰਨਦੇ ਕਿ ਬਰਤਾਨੀਆ ਨਸਲਵਾਦੀ ਦੇਸ਼ ਹੈ। ਸੂਨਕ ਸੋਮਵਾਰ ਨੂੰ ਲਾਤਵੀਆ ਦੀ ਰਾਜਧਾਨੀ ਰੀਗਾ ਦੇ ਦੌਰੇ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ, ”ਮੈਂ ਬਿਲਕੁਲ ਨਹੀਂ ਮੰਨਦਾ ਕਿ ਬਰਤਾਨੀਆ ਨਸਲਵਾਦੀ ਦੇਸ਼ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਦੇਸ਼ ਦੇ ਪਹਿਲੇ ਬਰਤਾਨਵੀ-ਏਸ਼ੀਅਨ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਜਦੋਂ ਮੈਂ ਇਹ ਕਹਾਂਗਾ ਤਾਂ ਇਸ ਦਾ ਕੁੱਝ ਮਹੱਤਵ ਹੋਵੇਗਾ। ਮੈਨੂੰ ਆਪਣੇ ਦੇਸ਼, ਇਸ ਦੇ ਸੱਭਿਆਚਾਰ ਅਤੇ ਇਸ ਦੀ ਸੁੰਦਰਤਾ ‘ਤੇ ਮਾਣ ਹੈ।” ਜ਼ਿਕਰਯੋਗ ਹੈ ਕਿ ਸੂਨਕ ਬਰਤਾਨੀਆ ਵਿੱਚ ਜਨਮੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਪੰਜਾਬ ਨਾਲ ਸਬੰਧਤ ਹੈ। ਸੂਨਕ ਨੈਟਫਲਿਕਸ ‘ਤੇ ਹਾਲ ਹੀ ਵਿੱਚ ਰਿਲੀਜ਼ ਹੋਈ ਵਿਵਾਦਤ ‘ਹੈਰੀ ਐਂਡ ਮੇਘਨ’ ਦਸਤਾਵੇਜ਼ੀ ਦੇ ਮੱਦੇਨਜ਼ਰ ਮੇਘਨ ਮਾਰਕਲ ਨੂੰ ਨਫ਼ਰਤ ਕਰਨ ਬਾਰੇ ‘ਦਿ ਸਨ’ ਵਿੱਚ ਕਾਲਮਨਵੀਸ ਜੈਰੇਮੀ ਕਲਾਰਕਸਨ ਦੀ ਲਿਖਤ ਬਾਰੇ ਚੱਲ ਰਹੇ ਵਿਵਾਦ ‘ਤੇ ਪ੍ਰਤੀਕਿਰਿਆ ਦੇ ਰਹੇ ਸਨ। ਕਲਾਰਕਸਨ ਦੇ ਇਸ ਕਾਲਮ ਸਬੰਧੀ ਇੰਡੀਪੈਂਡੈਂਟ ਪ੍ਰੈੱਸ ਸਟੈਂਡਰਡਜ਼ ਆਰਗੇਨਾਈਜ਼ੇਸ਼ਨ ਨੂੰ ਛੇ ਹਜ਼ਾਰ ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ, ਜਿਸ ਕਰਕੇ ਲੇਖਕ ਅਤੇ ਅਖਬਾਰ ਨੂੰ ਵੈੱਬਸਾਈਟ ਤੋਂ ਇਹ ਕਾਲਮ ਹਟਾਉਣਾ ਪਿਆ। -ਏਪੀ