ਕੋਲੰਬੋ, 22 ਦਸੰਬਰ
ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਕਿਹਾ ਕਿ ਭਾਰਤ ਦੀ ਸ੍ਰੀਲੰਕਾ ਨੂੰ ਸਹਾਇਤਾ ਸਿਰਫ਼ ਆਰਥਿਕ ਸਹਿਯੋਗ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਭਾਰਤ ਨੇ ਟਾਪੂ ਨੂੰ ਹਰਿਆ-ਭਰਿਆ ਬਣਾਉਣ ਦਾ ਭਰੋਸਾ ਵੀ ਦਿੱਤਾ ਹੈ। ਬਾਗਲੇ ਨੇ ਇਹ ਬਿਆਨ ਪ੍ਰਧਾਨ ਮੰਤਰੀ ਦਿਨੇਸ਼ ਗੁਣਾਵਰਦਨਾ ਦੇ ਸੱਦੇ ‘ਤੇ ਸੇਥਾਵਾਕਾ ਬੌਟੈਨੀਕਲ ਗਾਰਡਨ ਦਾ ਦੌਰਾ ਕਰਨ ਅਤੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਬੰਧੀ ਬੂਟਾ ਲਗਾਉਣ ਮੌਕੇ ਦਿੱਤਾ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਜਾਰੀ ਬਿਆਨ ਅਨੁਸਾਰ ਬਾਗਲੇ ਨੇ ਕਿਹਾ, ”ਸ੍ਰੀਲੰਕਾ ਨੂੰ ਹਰਿਆ-ਭਰਿਆ ਬਣਾਉਣ ਲਈ ਭਾਰਤ ਦਾ ਸਹਿਯੋਗ ਲੋੜੀਂਦਾ ਹੈ। ਦੋਵਾਂ ਦੇਸ਼ਾਂ ਵਿਚਾਲੇ ਸਬੰਧ ਸਿਰਫ਼ ਆਰਥਿਕ ਸਹਿਯੋਗ ਤੱਕ ਹੀ ਸੀਮਿਤ ਨਹੀਂ ਹਨ।” ਉਨ੍ਹਾਂ ਸ੍ਰੀਲੰਕਾ ਦੇ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਦੇ ਪ੍ਰੋਗਰਾਮ ਲਈ ਭਾਰਤ ਵੱਲੋਂ ਪੂਰਨ ਸਹਿਯੋਗ ਦੇਣ ਦਾ ਵਚਨ ਦੁਹਰਾਇਆ। -ਪੀਟੀਆਈ