ਨਵੀਂ ਦਿੱਲੀ, 28 ਦਸੰਬਰ
ਕਾਂਗਰਸ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਦਿੱਲੀ ‘ਚ 24 ਦਸੰਬਰ ਨੂੰ ‘ਭਾਰਤ ਜੋੜੋ ਯਾਤਰਾ’ ਦੀ ਸੁਰੱਖਿਆ ‘ਚ ਖਾਮੀਆਂ ਸਾਹਮਣੇ ਆਈਆਂ ਹਨ ਤੇ ਪੁਲੀਸ ਰਾਹੁਲ ਗਾਂਧੀ ਦੇ ਆਲੇ-ਦੁਆਲੇ ਭੀੜ ਨੂੰ ਕਾਬੂ ਕਰਨ ‘ਚ ਨਾਕਾਮ ਰਹੀ ਹੈ, ਜਦ ਕਿ ਉਨ੍ਹਾਂ ਕੋਲ ਜੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਵੀ ਪੱਤਰ ਵਿੱਚ ਅਪੀਲ ਕੀਤੀ ਹੈ ਕਿ ਹੁਣ ਪੰਜਾਬ ਅਤੇ ਜੰਮੂ-ਕਸ਼ਮੀਰ ਵਰਗੇ ਸੰਵੇਦਨਸ਼ੀਲ ਰਾਜਾਂ ਵਿੱਚ ਯਾਤਰਾ ਲਈ ਰਾਹੁਲ ਗਾਂਧੀ ਦੀ ਸੁਰੱਖਿਆ ਲਈ ਪ੍ਰਬੰਧ ਮਜ਼ਬੂਤ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ 24 ਦਸੰਬਰ ਨੂੰ ਦਿੱਲੀ ਦੇ ਹਾਲਾਤ ਅਜਿਹੇ ਬਣ ਗਏ ਸਨ ਕਿ ਕਾਂਗਰਸ ਵਰਕਰਾਂ ਅਤੇ ‘ਭਾਰਤ ਯਾਤਰੀਆਂ’ ਨੂੰ ਰਾਹੁਲ ਗਾਂਧੀ ਦੇ ਦੁਆਲੇ ਘੇਰਾਬੰਦੀ ਕਰਨੀ ਪਈ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਤੇ ਉਨ੍ਹਾਂ ਦੀ ਪੂਰੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।