ਲੰਡਨ, 12 ਜਨਵਰੀ
ਬਰਤਾਨੀਆ ਵਿੱਚ ਤੇਜ਼ ਰਫ਼ਤਾਰ ਗੱਡੀ ਨਾਲ ਹੋਏ ਹਾਦਸੇ ‘ਚ ਇੱਕ ਸਿੱਖ ਮਹਿਲਾ ਦੀ ਮੌਤ ਦੇ ਮਾਮਲੇ ‘ਚ 23 ਸਾਲਾ ਵਿਅਕਤੀ ਨੂੰ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਖਬਰਾਂ ਅਨੁਸਾਰ ਮੁਲਜ਼ਮ ਆਪਣੇ ਚਚੇਰੇ ਭਰਾਵਾਂ ਨੂੰ ਪ੍ਰਭਾਵਿਤ ਕਰਨ ਲਈ ਗੱਡੀ ਤੇਜ਼ ਚਲਾ ਰਿਹਾ ਸੀ। ਬੀਬੀਸੀ ਦੀ ਰਿਪੋਰਟ ਅਨੁਸਾਰ ਵੁਲਵਰਹੈਂਪਟਨ ਕਰਾਊਨ ਕੋਰਟ ਨੇ ਪਿਛਲੇ ਸਾਲ ਨਵੰਬਰ ਮਹੀਨੇ 32 ਸਾਲਾ ਮਹਿਲਾ ਬਲਜਿੰਦਰ ਕੌਰ ਮੂਰ ਦੀ ਜਾਨ ਲੈਣ ਦੇ ਦੋਸ਼ ਹੇਠ ਅੱਜ ਹਾਸ਼ਿਮ ਅਜ਼ੀਜ਼ ਨੂੰ ਛੇ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਸ ‘ਤੇ ਸੱਤ ਸਾਲ ਲਈ ਗੱਡੀ ਚਲਾਉਣ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਹਾਈਗੇਟ ਡਰਾਈਵ, ਵਾਲਸਾਲ ਦੇ ਅਜ਼ੀਜ਼ ਨੇ ਪੁਲੀਸ ਕੋਲ ਪਹਿਲਾਂ ਮਹਿਲਾ ਨੂੰ ਹਾਦਸੇ ਲਈ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਬਾਅਦ ਵਿੱਚ ਉਸ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਨੂੰ ਮੌਤ ਦਾ ਕਾਰਨ ਸਵੀਕਾਰ ਲਿਆ ਸੀ। ਪੰਜ ਮਹੀਨਿਆਂ ਦੇ ਬੱਚੇ ਦੀ ਮਾਂ ਬਲਜਿੰਦਰ ਕੌਰ ਹਾਦਸੇ ਸਮੇਂ ਆਪਣੇ ਪਤੀ ਨੂੰ ਉਸ ਦੇ ਭਰਾ ਘਰੋਂ ਲੈਣ ਗਈ ਸੀ।
ਮੁਲਜ਼ਮ ਔਡੀ ਏ3 ਨਿਰਧਾਰਤ ਗਤੀ ਸੀਮਾ ਤੋਂ ਤਿੰਨ ਗੁਣਾ ਤੇਜ਼ ਚਲਾ ਰਿਹਾ ਸੀ ਅਤੇ ਜਦੋਂ ਮਹਿਲਾ ਨੇ ਲਾਈਟਾਂ ‘ਤੇ ਮੁੜਨ ਦੀ ਕੋਸ਼ਿਸ਼ ਕੀਤੀ ਤਾਂ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਬਲਜਿੰਦਰ ਕੌਰ ਦੀ ਮੌਕੇ ‘ਤੇ ਮੌਤ ਹੋ ਗਈ। ਰਿਪੋਰਟ ਅਨੁਸਾਰ ਫੋਰੈਂਸਿਕ ਮਾਹਿਰਾਂ ਨੇ ਅੰਦਾਜ਼ਾ ਲਗਾਇਆ ਕਿ ਹਾਦਸੇ ਸਮੇਂ ਅਜ਼ੀਜ਼ 62 ਮੀਲ ਪ੍ਰਤੀ ਘੰਟਾ (99.7 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਪੁਲੀਸ ਨੇ ਕਿਹਾ ਕਿ ਜੇਕਰ ਅਜ਼ੀਜ਼ ਸਹੀ ਸਮੇਂ ‘ਤੇ ਗੱਡੀ ਦੀ ਰਫ਼ਤਾਰ ਘੱਟ ਕਰ ਲੈਂਦਾ ਤਾਂ ਉਦੋਂ ਤੱਕ ਬਲਜਿੰਦਰ ਨੇ ਮੋੜ ਮੁੜ ਜਾਣਾ ਸੀ ਤੇ ਉਸ ਦੀ ਜਾਨ ਬਚ ਜਾਂਦੀ। -ਪੀਟੀਆਈ