ਡਨਿਪਰੋ, 15 ਜਨਵਰੀ
ਰੂਸ ਵੱਲੋਂ ਦੱਖਣ-ਪੂਰਬੀ ਯੂਕਰੇਨ ਦੇ ਡਨਿਪਰੋ ਸ਼ਹਿਰ ਵਿੱਚ ਇੱਕ ਇਮਾਰਤ ‘ਤੇ ਕੀਤੇ ਗਏ ਮਿਜ਼ਾਈਲ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 25 ਹੋ ਗਈ ਹੈ। ਯੂਕਰੇਨ ਦੇ ਰਾਹਤ ਕਰਮਚਾਰੀਆਂ ਵੱਲੋਂ ਮਲਬੇ ਹੇਠਾਂ ਫਸੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅੱਜ ਬੇਲਗੋਰੋਡ ਖੇਤਰ ਵਿੱਚ ਹੋਏ ਇੱਕ ਧਮਾਕੇ ਵਿੱਚ 10 ਰੂਸੀ ਜਵਾਨ ਜ਼ਖ਼ਮੀ ਹੋ ਗਏ।
ਜ਼ਿਕਰਯੋਗ ਹੈ ਕਿ ਰੂਸ ਵੱਲੋਂ ਸ਼ਨਿਚਰਵਾਰ ਨੂੰ ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਹਮਲੇ ਕੀਤੇ ਗਏ। ਇਸ ਦੌਰਾਨ ਰਾਜਧਾਨੀ ਕੀਵ ਅਤੇ ਉੱਤਰ-ਪੂਰਬੀ ਸ਼ਹਿਰ ਖਾਰਕੀਵ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਯੂਕਰੇਨੀ ਹਥਿਆਰਬੰਦ ਬਲਾਂ ਦੇ ਕਮਾਂਡਰ-ਇਨ-ਚੀਫ਼ ਜਨਰਲ ਵੈਲੇਰੀ ਜ਼ਲੂਜ਼ਨੀ ਅਨੁਸਾਰ ਰੂਸ ਨੇ ਸ਼ਨਿਚਰਵਾਰ ਨੂੰ 33 ਕਰੂਜ਼ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ‘ਚੋਂ 21 ਨੂੰ ਨਕਾਰਾ ਕਰ ਦਿੱਤਾ ਗਿਆ। ਡਨਿਪਰੋ ਵਿੱਚ ਅਪਾਰਟਮੈਂਟ ਟਾਵਰ ਦੀਆਂ ਉਪਰਲੀਆਂ ਮੰਜ਼ਲਾਂ ‘ਤੇ ਫਸੇ ਲੋਕਾਂ ਨੂੰ ਬਚਾਉਣ ਲਈ ਮੁਲਾਜ਼ਮਾਂ ਵੱਲੋਂ ਕਰੇਨ ਦੀ ਵਰਤੋਂ ਕੀਤੀ ਗਈ। ਜਾਣਕਾਰੀ ਅਨੁਸਾਰ ਇਸ ਅਪਾਰਟਮੈਂਟ ਟਾਵਰ ਵਿੱਚ ਲਗਪਗ 1,700 ਲੋਕ ਰਹਿ ਰਹੇ ਸਨ। ਇਸ ਦੌਰਾਨ ਕੁੱਝ ਲੋਕਾਂ ਨੇ ਆਪਣੇ ਮੋਬਾਈਲ ਫੋਨਾਂ ਦੀਆਂ ਲਾਈਟਾਂ ਨਾਲ ਇਸ਼ਾਰਾ ਕਰਦਿਆਂ ਮਦਦ ਮੰਗੀ। ਇਸ ਹਮਲੇ ਵਿੱਚ ਘੱਟੋ-ਘੱਟ 73 ਵਿਅਕਤੀ ਜ਼ਖ਼ਮੀ ਅਤੇ 43 ਲਾਪਤਾ ਹੋ ਗਏ ਹਨ। -ਏਪੀ