ਮੈਲਬਰਨ, 23 ਜਨਵਰੀ
ਆਸਟਰੇਲੀਆ ਦੇ ਵਿਕਟੋਰੀਆ ਸੂਬੇ ‘ਚ ਇਕ ਹੋਰ ਹਿੰਦੂ ਮੰਦਰ ਦੀ ਤੋੜ-ਭੰਨ੍ਹ ਕੀਤੀ ਗਈ ਹੈ। ਲੰਘੇ ਦੋ ਹਫ਼ਤਿਆਂ ਵਿਚ ਵਾਪਰੀ ਇਹ ਤੀਜੀ ਘਟਨਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਇਸ ਘਟਨਾ ਨੂੰ ਕਥਿਤ ਤੌਰ ‘ਤੇ ਖਾਲਿਸਤਾਨੀ ਸਮਰਥਕਾਂ ਨੇ ਅੰਜਾਮ ਦਿੱਤਾ ਹੈ ਤੇ ਮੰਦਰ ਉਤੇ ਭਾਰਤ ਵਿਰੋਧੀ ਨਾਅਰਾ ਵੀ ਲਿਖਿਆ ਗਿਆ ਹੈ।
‘ਆਸਟਰੇਲੀਆ ਟੂਡੇ’ ਵੈੱਬਸਾਈਟ ਮੁਤਾਬਕ ਮੈਲਬਰਨ ਦੇ ਐਲਬਰਟ ਪਾਰਕ ਸਥਿਤ ‘ਇਸਕੌਨ’ ਮੰਦਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਮੰਦਰ ਨੂੰ ‘ਹਰੇ ਕ੍ਰਿਸ਼ਨਾ ਮੰਦਰ’ ਵਜੋਂ ਵੀ ਜਾਣਿਆ ਜਾਂਦਾ ਹੈ। ਰਿਪੋਰਟ ਮੁਤਾਬਕ ਸੋਮਵਾਰ ਸਵੇਰੇ ਮੰਦਰ ਦੀਆਂ ਦੀਵਾਰਾਂ ਉਤੇ ‘ਹਿੰਦੁਸਤਾਨ ਮੁਰਦਾਬਾਦ’ ਲਿਖਿਆ ਮਿਲਿਆ ਹੈ। ‘ਇਸਕੌਨ ਟੈਂਪਲ’ ਦੇ ਡਾਇਰੈਕਟਰ (ਸੰਚਾਰ) ਭਗਤ ਦਾਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਤੋਂ ਝਟਕਾ ਲੱਗਾ ਹੈ, ਪੂਜਾ ਦੇ ਸਥਾਨ ਦਾ ਨਿਰਾਦਰ ਕੀਤੇ ਜਾਣ ਕਾਰਨ ਲੋਕਾਂ ਵਿਚ ਗੁੱਸਾ ਹੈ। ਉਨ੍ਹਾਂ ਕਿਹਾ ਕਿ ਵਿਕਟੋਰੀਆ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਮੁਲਜ਼ਮਾਂ ਨੂੰ ਫੜਨ ਲਈ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ। ਇਸ ਤੋਂ ਪਹਿਲਾਂ 16 ਜਨਵਰੀ ਨੂੰ ਵਿਕਟੋਰੀਆ ਦੇ ਹੀ ਕੈਰਮ ਡਾਊਨਜ਼ ‘ਚ ਇਤਿਹਾਸਕ ਸ੍ਰੀ ਸ਼ਿਵ ਵਿਸ਼ਨੂੰ ਮੰਦਰ ਨੂੰ ਇਸੇ ਢੰਗ ਨਾਲ ਨੁਕਸਾਨ ਪਹੁੰਚਾਇਆ ਗਿਆ ਸੀ। 12 ਜਨਵਰੀ ਨੂੰ ਮੈਲਬਰਨ ਦੇ ਸਵਾਮੀਨਾਰਾਇਣ ਮੰਦਰ ਉਤੇ ਵੀ ‘ਸਮਾਜ ਵਿਰੋਧੀ ਅਨਸਰਾਂ’ ਨੇ ਭਾਰਤ ਵਿਰੋਧੀ ਨਾਅਰੇ ਲਿਖੇ ਸਨ। ਵਿਕਟੋਰੀਆ ਦੀ ਕਾਰਜਕਾਰੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਕਿ ਸਾਰੇ ਵਿਕਟੋਰੀਆ ਵਾਸੀ ਆਪਣੇ ਧਰਮ ਦੇ ਪਾਲਣ ਦੇ ਹੱਕਦਾਰ ਹਨ, ਤੇ ਨਸਲਵਾਦ ਅਤੇ ਨਫ਼ਰਤ ਇਸ ਦੇ ਰਾਹ ਵਿਚ ਨਹੀਂ ਆ ਸਕਦੇ। ਉਨ੍ਹਾਂ ਕਿਹਾ ਕਿ ਬਹੁਗਿਣਤੀ ਵਿਕਟੋਰੀਆ ਵਾਸੀ ਇਸ ਤਰ੍ਹਾਂ ਦਾ ਵਿਹਾਰ ਨਹੀਂ ਕਰਦੇ, ਵਿਭਿੰਨਤਾ ਸੂਬੇ ਦੀ ਸਭ ਤੋਂ ਵੱਡੀ ਸੰਪਤੀ ਹੈ।
ਪ੍ਰੀਮੀਅਰ ਨੇ ਇਨ੍ਹਾਂ ਘਟਨਾਵਾਂ ਦੀ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵਿਕਟੋਰੀਆ ਦੇ ਕਈ ਧਰਮਾਂ ਦੇ ਆਗੂਆਂ ਨੇ ਸੂਬੇ ਦੇ ਸਭਿਆਚਾਰ ਕਮਿਸ਼ਨ ਨਾਲ ਹੰਗਾਮੀ ਬੈਠਕ ਕੀਤੀ ਸੀ। ਇਸ ਮੌਕੇ ਕਥਿਤ ਤੌਰ ‘ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਹਿੰਦੂਆਂ ਖ਼ਿਲਾਫ਼ ਨਫ਼ਰਤ ਫੈਲਾਏ ਜਾਣ ਦੀ ਨਿਖੇਧੀ ਕੀਤੀ ਗਈ ਸੀ। ਆਸਟਰੇਲੀਆ ਦੇ ਕਈ ਸੰਸਦ ਮੈਂਬਰਾਂ ਨੇ ਵੀ ਇਨ੍ਹਾਂ ਘਟਨਾਵਾਂ ਦੀ ਨਿਖੇਧੀ ਕੀਤੀ ਹੈ। ਭਾਰਤ ਦੇ ਦਖ਼ਲ ਮਗਰੋਂ ਆਸਟਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫੈਰਲ ਨੇ ਇਕ ਬਿਆਨ ਵੀ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਨ੍ਹਾਂ ਘਟਨਾਵਾਂ ਨਾਲ ਝਟਕਾ ਲੱਗਾ ਹੈ ਤੇ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ