ਨਿਊਯਾਰਕ, 25 ਜਨਵਰੀ
ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਆਪਣੀ ਇਕ ਕਿਤਾਬ ਵਿਚ ਖੁਲਾਸਾ ਕੀਤਾ ਹੈ ਕਿ 2019 ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਪਰਮਾਣੂ ਟਕਰਾਅ ਦੇ ਆਸਾਰ ਬਣ ਗਏ ਸਨ। ਦੋਵੇਂ ਧਿਰਾਂ ਸੋਚ ਰਹੀਆਂ ਸਨ ਕਿ ਦੂਜੀ ਧਿਰ ਪਰਮਾਣੂ ਹਥਿਆਰ ਤਾਇਨਾਤ ਕਰਨ ਦੀ ਤਿਆਰੀ ਕਰ ਰਹੀ ਹੈ। ਆਪਣੀ ਕਿਤਾਬ ‘ਨੈਵਰ ਗਿਵ ਐਨ ਇੰਚ’ ਵਿਚ ਪੌਂਪੀਓ ਨੇ ਦੱਸਿਆ ਹੈ ਕਿ ਉਨ੍ਹਾਂ ਦੋਵਾਂ ਗੁਆਂਢੀ ਮੁਲਕਾਂ ਨੂੰ ਸ਼ਾਂਤ ਕਰਨ ਲਈ ਰਾਤ ਤੱਕ ਕੂਟਨੀਤਕ ਕੋਸ਼ਿਸ਼ਾਂ ਕੀਤੀਆਂ। ਮਾਈਕ ਨੇ ਕਿਹਾ ਕਿ ਉਸ ਵੇਲੇ ਉਨ੍ਹਾਂ ਨੂੰ ਆਪਣੇ ਭਾਰਤੀ ਹਮਰੁਤਬਾ ਦਾ ਫੋਨ ਵੀ ਆਇਆ ਸੀ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਪਾਕਿਸਤਾਨ ਹਮਲੇ ਲਈ ਪਰਮਾਣੂ ਹਥਿਆਰਾਂ ਨੂੰ ਤਿਆਰ ਕਰ ਰਿਹਾ ਹੈ, ਤੇ ਭਾਰਤ ਵੀ ਇਸ ਉਤੇ ਵਿਚਾਰ ਕਰ ਰਿਹਾ ਹੈ। 2019 ਵਿਚ 46 ਭਾਰਤੀ ਬਲਾਂ ਦੀ ਅਤਿਵਾਦੀ ਹਮਲੇ ਵਿਚ ਹੋਈ ਮੌਤ ਤੋਂ ਬਾਅਦ ਪਾਕਿਸਤਾਨ ਵਿਚ ਕੀਤੇ ਗਏ ਬਾਲਾਕੋਟ ਹਮਲੇ ਵੇਲੇ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਸਨ। ਪੌਂਪੀਓ ਨੇ ਕਿਹਾ ਕਿ ਉਨ੍ਹਾਂ ਨੂੰ ਜਦ ਫੋਨ ਆਇਆ ਸੀ ਤਾਂ ਉਹ ਹੈਨੋਈ ਦੇ ਦੌਰੇ ਉਤੇ ਸਨ। ਉਨ੍ਹਾਂ ਨੂੰ ਨੀਂਦ ‘ਚੋਂ ਜਗਾਇਆ ਗਿਆ ਸੀ। ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਭਾਰਤੀ ਹਮਰੁਤਬਾ ਨੂੰ ਚੀਜ਼ਾਂ ਠੀਕ ਕਰਨ ਲਈ ਕੁਝ ਸਮਾਂ ਦੇਣ ਲਈ ਕਿਹਾ ਸੀ। ਪੌਂਪੀਓ ਨੇ ਦੱਸਿਆ ਕਿ ਉਨ੍ਹਾਂ ਉਸੇ ਵੇਲੇ ‘ਪਾਕਿਸਤਾਨ ਦੇ ਅਸਲੀ ਆਗੂ’ ਜਨਰਲ ਕਮਰ ਜਾਵੇਦ ਬਾਜਵਾ ਤੱਕ ਪਹੁੰਚ ਬਣਾਈ। ਉਨ੍ਹਾਂ ਬਾਜਵਾ ਨੂੰ ਭਾਰਤ ਦੇ ਖ਼ਦਸ਼ੇ ਬਾਰੇ ਦੱਸਿਆ ਜਿਸ ਨੂੰ ਬਾਜਵਾ ਨੇ ਨਕਾਰ ਦਿੱਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਬਾਜਵਾ ਨੂੰ ਸ਼ੱਕ ਸੀ ਕਿ ਭਾਰਤ ਹਮਲੇ ਦੀ ਤਿਆਰੀ ਕਰ ਰਿਹਾ ਹੈ। -ਆਈਏਐੱਨਐੱਸ